ਪਿ੍ਰਅੰਕਾ ਨੇ ਸਹੁੰ ਚੁੱਕੀ

0
115

ਨਵੀਂ ਦਿੱਲੀ : ਕੇਰਲਾ ਦੇ ਵਾਇਨਾਡ ਤੋਂ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਕਾਂਗਰਸ ਆਗੂ ਪਿ੍ਰਅੰਕਾ ਗਾਂਧੀ ਵਾਡਰਾ ਨੇ ਵੀਰਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। 52 ਸਾਲਾ ਕਾਂਗਰਸੀ ਆਗੂ ਨੇ ਆਪਣੇ ਭਰਾ ਰਾਹੁਲ ਗਾਂਧੀ ਵਾਂਗ ਸੰਵਿਧਾਨ ਦੀ ਕਾਪੀ ਫੜਦੇ ਹੋਏ ਹਿੰਦੀ ’ਚ ਸਹੁੰ ਚੁੱਕੀ। ਇਸ ਦੇ ਨਾਲ ਹੀ ਨਾਂਦੇੜ ਜ਼ਿਮਨੀ ਚੋਣ ਜਿੱਤਣ ਵਾਲੇ ਰਵਿੰਦਰ ਚਵਾਨ (ਕਾਂਗਰਸ) ਨੇ ਵੀ ਭਗਵਾਨ ਦੇ ਨਾਂਅ ’ਤੇ ਮਰਾਠੀ ’ਚ ਸਹੁੰ ਚੁੱਕੀ।
ਵਿਦਿਆਰਥਣ ’ਤੇ ਹਮਲੇ ਵਿਰੁੱਧ ਹੜਤਾਲ
ਗੁਰੂਸਰ ਸੁਧਾਰ : ਸ਼ਹੀਦ ਕਰਤਾਰ ਸਿੰਘ ਸਰਾਭਾ ਮੈਡੀਕਲ ਕਾਲਜ ਸਰਾਭਾ ਦੀ ਬੀ ਐੱਸ ਸੀ ਨਰਸਿੰਗ ਚੌਥੇ ਸਾਲ ਦੀ ਵਿਦਿਆਰਥਣ ਉਪਰ ਬੁੱਧਵਾਰ ਦੇਰ ਸ਼ਾਮ ਕਾਲਜ ਕੈਂਪਸ ’ਚ ਤਿੰਨ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਕੇ ਉਸ ਦੇ ਕੱਪੜੇ ਪਾੜ ਦਿੱਤੇ। ਇਸ ਘਟਨਾ ਖਿਲਾਫ ਬੁੱਧਵਾਰ ਰਾਤ ਤੋਂ ਵਿਦਿਆਰਥੀ ਅਣਮਿਥੇ ਸਮੇਂ ਦੀ ਹੜਤਾਲ ’ਤੇ ਹਨ। ਵਿਦਿਆਰਥੀ ਇਹ ਦੋਸ਼ ਵੀ ਲਾ ਰਹੇ ਹਨ ਕਿ ਕਾਲਜ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਹੀਂ ਹਨ ਤੇ ਇਸ ਖਾਮੀ ਲਈ ਮੈਨੇਜਮੈਂਟ ਮੁਆਫੀ ਮੰਗੇ ਅਤੇ ਕਾਲਜ ਵਿੱਚ ਵਿਦਿਆਰਥੀਆਂ ਤੇ ਖਾਸਕਰ ਵਿਦਿਆਰਥਣਾਂ ਦੀ ਸੁਰੱਖਿਆ ਦੇ ਠੋਸ ਪ੍ਰਬੰਧ ਕਰੇ। ਉਨ੍ਹਾਂ ਕਾਲਜ ਮੈਨੇਜਮੈਂਟ ਅਤੇ ਪਿ੍ਰੰਸੀਪਲ ਉਤੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੇ ਦੋਸ਼ ਵੀ ਲਾਏ। ਡੀ ਐੱਸ ਪੀ ਦਾਖਾ ਵਰਿੰਦਰ ਖੋਸਾ ਅਤੇ ਥਾਣਾ ਜੋਧਾਂ ਦੇ ਮੁਖੀ ਹੀਰਾ ਸਿੰਘ ਵੱਲੋਂ ਵਾਰਦਾਤ ਦੀ ਪੜਤਾਲ ਕੀਤੀ ਜਾ ਰਹੀ ਸੀ। ਵਿਦਿਆਰਥੀ ਆਪਣੀਆਂ ਮੰਗਾਂ ਉਤੇ ਅੜੇ ਹੋਏ ਹਨ ਤੇ ਨਾਅਰੇ ਲਿਖੀਆਂ ਤਖਤੀਆਂ ਲੈ ਕੇ ਰੋਸ ਮੁਜ਼ਾਹਰਾ ਕਰ ਰਹੇ ਹਨ।
ਸ਼ੇਅਰ ਬਾਜ਼ਾਰ ’ਚ ਵੱਡੀ ਗਿਰਾਵਟ
ਮੁੰਬਈ : ਇੰਫੋਸਿਸ, ਆਰ ਆਈ ਐੱਲ ਅਤੇ ਐੱਚ ਡੀ ਐੱਫ ਸੀ ਬੈਂਕ ’ਚ ਜ਼ੋਰਦਾਰ ਬਿਕਵਾਲੀ ਕਾਰਨ ਵੀਰਵਾਰ ਸੈਂਸੇਕਸ ਅਤੇ ਨਿਫਟੀ ਕਰੀਬ 1.50 ਫੀਸਦੀ ਤੱਕ ਡਿੱਗ ਗਏ। ਸੈਂਸੇਕਸ 1,190.34 ਅੰਕ ਜਾਂ 1.48 ਫੀਸਦੀ ਡਿੱਗ ਕੇ 79,043.74 ’ਤੇ ਬੰਦ ਹੋਇਆ। ਦਿਨ ਦੌਰਾਨ ਇਕ ਵਾਰ ਤਾਂ ਇਹ 78,918.92 ਤੱਕ ਖਿਸਕ ਗਿਆ ਸੀ। ਇਸ ਕਾਰਨ ਨਿਵੇਸ਼ਕਾਂ ਦੀ ਦੌਲਤ 1, 50, 265.63 ਕਰੋੜ ਰੁਪਏ ਘਟ ਕੇ 4,42,98,083.42 ਕਰੋੜ ਰੁਪਏ (5.24 ਖਰਬ ਡਾਲਰ) ਰਹਿ ਗਈ। ਨਿਫਟੀ 360.75 ਅੰਕ ਜਾਂ 1.49 ਫੀਸਦੀ ਡਿੱਗ ਕੇ 23,914.15 ’ਤੇ ਬੰਦ ਹੋਇਆ। ਅਡਾਨੀ ਗਰੁੱਪ ਦੀਆਂ 11 ਸੂਚੀਬੱਧ ਫਰਮਾਂ ਵਿੱਚੋਂ ਪੰਜ ਦੇ ਸ਼ੇਅਰ ਵੀਰਵਾਰ ਉੱਚੇ ਪੱਧਰ ’ਤੇ ਬੰਦ ਹੋਏ, ਅਡਾਨੀ ਟੋਟਲ ਗੈਸ ਲਗਭਗ 16 ਫੀਸਦੀ ਵਧੀ। ਅਡਾਨੀ ਐਨਰਜੀ ਸਲਿਊਸ਼ਨਜ਼ ਦੇ ਸਟਾਕ 10 ਫੀਸਦੀ, ਅਡਾਨੀ ਗ੍ਰੀਨ ਐਨਰਜੀ 10 ਫੀਸਦੀ ਅਤੇ ਅਡਾਨੀ ਐਂਟਰਪ੍ਰਾਈਜ਼ਿਜ਼ 1.63 ਫੀਸਦੀ ਵਧੇ। ਇਸ ਦੌਰਾਨ ਅਡਾਨੀ ਪੋਰਟਸ ’ਚ 2.73 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।