ਨਵੀਂ ਦਿੱਲੀ : ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਵਿਰੋਧੀ ਧਿਰ ਵੱਲੋਂ ਅਡਾਨੀ ਮੁੱਦੇ ਅਤੇ ਯੂ ਪੀ ਦੇ ਸੰਭਲ ’ਚ ਹੋਈ ਹਿੰਸਾ ਬਾਰੇ ਬਹਿਸ ਦੀ ਮੰਗ ਉਤੇ ਅੜੇ ਰਹਿਣ ਅਤੇ ਦੂਜੇ ਪਾਸੇ ਸਰਕਾਰ ਵੱਲੋਂ ਬਹਿਸ ਦੀ ਇਜਾਜ਼ਤ ਨਾ ਦੇਣ ਦੀ ਜ਼ਿਦ ਕਾਰਨ ਵੀਰਵਾਰ ਵੀ ਲਗਾਤਾਰ ਤੀਜੇ ਦਿਨ ਦੋਵੇਂ ਸਦਨਾਂ ਵਿਚ ਕੋਈ ਕਾਰਵਾਈ ਨਹੀਂ ਹੋ ਸਕੀ ਅਤੇ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰ ਸੰਭਲ ਵਿੱਚ ਇੱਕ ਮਸਜਿਦ ’ਚ ਕੀਤੇ ਜਾ ਰਹੇ ਸਰਵੇਖਣ ਦੌਰਾਨ ਹੋਈ ਹਿੰਸਾ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ’ਤੇ ਨਾਅਰੇਬਾਜ਼ੀ ਕਰਦੇ ਰਹੇ। ਰਾਜ ਸਭਾ ਵਿਚ ਵੀ ਅਡਾਨੀ ਮੁੱਦੇ ਅਤੇ ਸੰਭਲ ਤੇ ਮਨੀਪੁਰ ਹਿੰਸਾ ਵਰਗੇ ਮੁੱਦਿਆਂ ਨੂੰ ਲੈ ਕੇ ਇਹੋ ਸਥਿਤੀ ਬਣੀ ਰਹੀ। ਲੋਕ ਸਭਾ ਵਿਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵਿਰੋਧ ਪ੍ਰਗਟਾਵੇ ਦੀ ਨਿਖੇਧੀ ਕਰਦਿਆਂ ਕਿਹਾਮੈਂ ਸਦਨ ਦੀ ਕਾਰਵਾਈ ’ਚ ਵਿਘਨ ਪਾਉਣ ਦੀਆਂ ਕਾਂਗਰਸ ਅਤੇ ਇਸ ਦੀਆਂ ਸਹਿਯੋਗੀਆਂ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਾ ਹਾਂ। ਸਰਕਾਰ ਵੱਲੋਂ ਵਕਫ ਸੋਧ ਬਿੱਲ ’ਤੇ ਸਾਂਝੀ ਕਮੇਟੀ ਦਾ ਕਾਰਜਕਾਲ ਵਧਾਉਣ ਅਤੇ ਕੁਝ ਮੁੱਦਿਆਂ ’ਤੇ ਸਦਨ ’ਚ ਬਹਿਸ ਲਈ ਹਾਮੀ ਭਰੇ ਜਾਣ ਦੇ ਬਾਵਜੂਦ ਵਿਰੋਧੀ ਮੈਂਬਰ ਵਿਰੋਧ ਕਰ ਰਹੇ ਹਨ। ਉਪਰਲੇ ਸਦਨ ਰਾਜ ਸਭਾ ਵਿਚ ਵੀ ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਇਨ੍ਹਾਂ ਮੁੱਦਿਆਂ ਉਤੇ ਸ਼ੋਰ-ਸ਼ਰਾਬਾ ਦੇਖਣ ਨੂੰ ਮਿਲਿਆ। ਮੈਂਬਰਾਂ ਨੇ ਚੇਅਰਮੈਨ ਜਗਦੀਪ ਧਨਖੜ ਵੱਲੋਂ ਮਰਿਆਦਾ ਨੂੰ ਬਰਕਰਾਰ ਰੱਖਣ ਅਤੇ ਪ੍ਰਸ਼ਨ ਕਾਲ ਚੱਲਣ ਦੇਣ ਦੀਆਂ ਕੀਤੀਆਂ ਗਈਆਂ ਅਪੀਲਾਂ ’ਤੇ ਕੋਈ ਧਿਆਨ ਨਹੀਂ ਦਿੱਤਾ ਅਤੇ ਚੇਅਰਮੈਨ ਨੇ ਕਾਰਵਾਈ ਦੁਪਹਿਰ 12 ਵਜੇ ਤੱਕ ਮੁਤਲਵੀ ਕਰ ਦਿੱਤੀ। ਦੁਬਾਰਾ ਸਦਨ ਜੁੜਨ ਉਤੇ ਰੌਲਾ-ਰੱਪਾ ਜਾਰੀ ਰਹਿਣ ਕਾਰਨ ਸਦਨ ਦਿਨ ਭਰ ਲਈ ਉਠਾ ਦਿੱਤਾ ਗਿਆ।




