ਟਰੰਪ ਦੀ ਧਮਕੀ ਤੋਂ ਬਾਅਦ ਕੈਨੇਡਾ ਵੱਲੋਂ ਸਰਹੱਦ ’ਤੇ ਸਖਤੀ ਦਾ ਫੈਸਲਾ

0
158

ਵੈਨਕੂਵਰ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ਹੁੰਦੇ ਸਾਮਾਨ ’ਤੇ 25 ਫੀਸਦੀ ਟੈਕਸ ਲਾਉਣ ਦੇ ਐਲਾਨ ਤੋਂ ਬਾਅਦ ਕੈਨੇਡਾ ਨੇ ਪੂਰਬ ਤੋਂ ਪੱਛਮ ਤੱਕ ਅਮਰੀਕਾ ਨਾਲ ਜੁੜਦੀ 8891 ਕਿਲੋਮੀਟਰ ਲੰਮੀ ਸਰਹੱਦ ’ਤੇ ਸਖਤੀ ਵਧਾਉਣ ਦਾ ਫੈਸਲਾ ਲਿਆ ਹੈ। ਇਹ ਲਕੀਰ 3 ਸਤੰਬਰ 1783 ਨੂੰ ਪੈਰਿਸ ਸਮਝੌਤੇ ਤਹਿਤ ਖਿੱਚੀ ਗਈ ਸੀ, ਜਿਸ ’ਚ ਸਮੇਂ-ਸਮੇਂ ’ਤੇ ਥੋੜ੍ਹੀ ਬਦਲੀ ਹੁੰਦੀ ਰਹੀ। ਸਰਹੱਦ ਤੋਂ ਆਰ-ਪਾਰ ਆਉਣ-ਜਾਣ ਲਈ ਛੋਟੇ-ਵੱਡੇ 100 ਕੁ ਪ੍ਰਵਾਨਤ ਲਾਂਘੇ ਹਨ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਮਗਰੋਂ ਸਰਹੱਦੀ ਸੁਰੱਖਿਆ ਲਈ ਵਾਧੂ ਫੰਡ ਜਾਰੀ ਕਰਨ ਦਾ ਐਲਾਨ ਕੀਤਾ ਹੈ। ਅਗਲੇ ਸਾਲ 20 ਜਨਵਰੀ ਨੂੰ ਅਮਰੀਕਨ ਰਾਸ਼ਟਰਪਤੀ ਵਜੋਂ ਦੂਜੀ ਵਾਰ ਅਹੁਦਾ ਸੰਭਾਲਣ ਵਾਲੇ ਟਰੰਪ ਨੇ ਪਿਛਲੇ ਦਿਨੀਂ ਪਹਿਲ ਦੇ ਆਧਾਰ ’ਤੇ ਕੀਤੇ ਜਾਣ ਵਾਲੇ ਕੰਮਾਂ ਵਿੱਚ ਕਿਹਾ ਸੀ ਕਿ ਦੋਵਾਂ ਗੁਆਂਢੀ ਦੇਸ਼ਾਂ ਨਾਲ ਜੁੜਦੀਆਂ ਸਰਹੱਦਾਂ ’ਤੇ ਸਖਤੀ ਨਾ ਹੋਣ ਕਾਰਨ ਗਲਤ ਅਨਸਰ ਅਤੇ ਸਾਮਾਨ ਅਮਰੀਕਾ ’ਚ ਦਾਖਲ ਹੁੰਦਾ ਹੈ, ਜਿਸ ’ਤੇ ਰੋਕ ਲੱਗਣੀ ਜ਼ਰੂਰੀ ਹੈ। ਅਮਰੀਕਾ ਵੱਲੋਂ ਟੈਕਸ ’ਚ ਵਾਧਾ ਕੈਨੇਡਾ ਦੀ ਸਨਅਤ ਲਈ ਘਾਤਕ ਸਾਬਤ ਹੋ ਸਕਦਾ ਹੈ।