ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਸ਼ਨੀਵਾਰ ਨੂੰ ਔਰਤਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਹ ਮਹਿਲਾਵਾਂ ਸਿੱਖਿਆ ਅਤੇ ਕੰਮ ਕਰਨ ਦਾ ਹੱਕ ਮੰਗ ਰਹੀਆਂ ਸਨ। ਇਨ੍ਹਾਂ ਦੇ ਹੱਥਾਂ ’ਚ ਸਲੋਗਨ ਲਿਖੀਆਂ ਤਖ਼ਤੀਆਂ ਸਨ ਅਤੇ ਉਹ ਕੰਮ, ਖਾਣਾ ਅਤੇ ਆਜ਼ਾਦੀ ਦਾ ਨਾਅਰਾ ਲਾ ਰਹੀਆਂ ਸਨ। ਇਨ੍ਹਾਂ ਕਾਬੁਲ ’ਚ ਐਜੂਕੇਸ਼ਨ ਮਨਿਸਟਰੀ ਦੀ ਬਿਲਡਿੰਗ ਦੇ ਸਾਹਮਣੇ ਰੋਸ ਮਾਰਚ ਕੀਤਾ। ਮਹਿਲਾਵਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਤਾਲਿਬਾਨੀ ਲੜਾਕਿਆਂ ਨੇ ਹਵਾਈ ਫਾਈਰਿੰਗ ਕੀਤੀ। ਔਰਤਾਂ ਜਦ ਨਹੀਂ ਰੁਕੀਆਂ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਹ ਪ੍ਰਦਰਸ਼ਨ ਤਾਲਿਬਾਨ ਦੀ ਸੱਤਾ ’ਚ ਵਾਪਸੀ ਦੀ ਵਰ੍ਹੇਗੰਢ ਪੂਰੀ ਹੋਣ ਦੇ ਕੁਝ ਦਿਨ ਪਹਿਲਾਂ ਹੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਤਾਲਿਬਾਨ ਪਿਛਲੇ ਸਾਲ 15 ਅਗਸਤ ਨੂੰ ਅਫਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਇਆ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਵੱਡੀ ਗਿਣਤੀ ਮਹਿਲਾਵਾਂ ਰੋਸ ਪ੍ਰਦਰਸ਼ਨ ’ਚ ਸ਼ਾਮਲ ਹੋਈਆਂ। ਫਾਈਰਿੰਗ ਤੋਂ ਬਾਅਦ ਉਨ੍ਹਾਂ ਨੇ ਨੇੜਲੀਆਂ ਦੁਕਾਨਾਂ ’ਤੇ ਸ਼ਰਨ ਲਈ, ਪਰ ਤਾਲਿਬਾਨੀ ਲੜਾਕਿਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਰਾਈਫ਼ਲ ਦੀ ਬਟ ਨਾਲ ਕੁੱਟਿਆ। ਕਈ ਔਰਤਾਂ ਦੇ ਫੋਨ ਵੀ ਤੋੜ ਦਿੱਤੇ। ਮਹਿਲਾ ਪ੍ਰਦਰਸ਼ਨਕਾਰੀਆਂ ਦੇ ਹੱਥਾਂ ’ਚ ਇੱਕ ਬੈਨਰ ਸੀ, ਜਿਸ ’ਤੇ 15 ਅਗਸਤ ਇੱਕ ਕਾਲਾ ਦਿਨ ਲਿਖਿਆ ਹੋਇਆ ਸੀ। ਇਨ੍ਹਾਂ ਨੇ ਕੰਮ ਅਤੇ ਰਾਜਨੀਤੀ ’ਚ ਹਿੱਸੇਦਾਰੀ ਦੀ ਮੰਗ ਕੀਤੀ। ਉਹ ਜਸਟਿਸ-ਜਸਟਿਸ ਦੇ ਨਾਅਰੇ ਲਾ ਰਹੀਆਂ ਸਨ। ਮਹਿਲਾਵਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਅਧਿਕਾਰਾਂ ਤੋਂ ਵਾਂਝਿਆ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਨੂੰ ਕਵਰ ਕਰ ਰਹੇ ਪੱਤਰਕਾਰਾਂ ਦੇ ਨਾਲ ਵੀ ਕੁੱਟਮਾਰ ਹੋਈ।