ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਸੰਭਲ ਦੀ ਜਾਮਾ ਮਸਜਿਦ ਮਾਮਲੇ ਵਿਚ ਹੇਠਲੀ ਅਦਾਲਤ ਦੇ ਕਿਸੇ ਵੀ ਹੁਕਮ ‘ਤੇ ਕਾਰਵਾਈ ਕਰਨ ਉੱਤੇ ਰੋਕ ਲਾ ਦਿੱਤੀ | ਅਦਾਲਤ ਨੇ ਪਟੀਸ਼ਨਕਰਤਾ ਨੂੰ ਪਟੀਸ਼ਨ ਅਲਾਹਾਬਾਦ ਹਾਈ ਕੋਰਟ ‘ਚ ਦਾਇਰ ਕਰਨ ਲਈ ਕਿਹਾ ਹੈ | ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੰਭਲ ਮਾਮਲੇ ‘ਤੇ ਕੋਈ ਵੀ ਕਾਰਵਾਈ ਹਾਈ ਕੋਰਟ ਦੇ ਹੁਕਮਾਂ ‘ਤੇ ਹੀ ਹੋਵੇਗੀ | ਸੁਪਰੀਮ ਕੋਰਟ ਨੇ ਯੂ ਪੀ ਸਰਕਾਰ ਨੂੰ ਵੀ ਕਿਹਾ ਹੈ ਕਿ ਉਹ ਦੋਵੇਂ ਭਾਈਚਾਰਿਆਂ ਦੇ ਲੋਕਾਂ ਦੀ ਕਮੇਟੀ ਬਣਾਵੇ ਤੇ ਇਸ ਮਾਮਲੇ ਵਿਚ ਤਣਾਅ ਨੂੰ ਘੱਟ ਕਰਨ ਲਈ ਬਣਦੇ ਯਤਨ ਕਰੇ | ਚੀਫ ਜਸਟਿਸ ਸੰਜੀਵ ਖੰਨਾ ਅਤੇ ਸੰਜੈ ਕੁਮਾਰ ਦੀ ਬੈਂਚ ਨੇ ਅਲਾਹਾਬਾਦ ਹਾਈ ਕੋਰਟ ਨੂੰ ਮੁਸਲਿਮ ਪੱਖ ਦੀ ਪਟੀਸ਼ਨ ਦਾਇਰ ਕਰਨ ਦੇ ਤਿੰਨ ਦਿਨਾਂ ਦੇ ਅੰਦਰ-ਅੰਦਰ ਸੁਣਵਾਈ ਕਰਨ ਦਾ ਹੁਕਮ ਦਿੱਤਾ ਹੈ | ਉਸ ਨੇ ਕਿਹਾ-ਸਾਨੂੰ ਉਮੀਦ ਹੈ ਅਤੇ ਭਰੋਸਾ ਹੈ ਕਿ ਹੇਠਲੀ ਅਦਾਲਤ ਉਦੋਂ ਤੱਕ ਇਸ ਮਾਮਲੇ ‘ਤੇ ਅੱਗੇ ਕਾਰਵਾਈ ਨਹੀਂ ਕਰੇਗੀ, ਜਦੋਂ ਤੱਕ ਹਾਈ ਕੋਰਟ ਕੋਈ ਹੁਕਮ ਜਾਰੀ ਨਹੀਂ ਕਰਦੀ | ਬੈਂਚ ਨੇ ਸੂਬਾ ਸਰਕਾਰ ਨੂੰ ਸੰਭਲ ਵਿਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਦੋਵਾਂ ਭਾਈਚਾਰਿਆਂ ਦੇ ਮੈਂਬਰਾਂ ਵਾਲੀ ਅਮਨ ਕਮੇਟੀ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ | ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਐਡਵੋਕੇਟ ਕਮਿਸ਼ਨਰ ਵੱਲੋਂ ਸਥਾਨਕ ਅਦਾਲਤ ਵਿੱਚ ਪੇਸ਼ ਕੀਤੀ ਜਾਣ ਵਾਲੀ ਸਰਵੇਖਣ ਰਿਪੋਰਟ ਨੂੰ ਸੀਲਬੰਦ ਰੱਖਿਆ ਜਾਵੇ |
ਸੁਪਰੀਮ ਕੋਰਟ ਨੇ ਮੁਸਲਿਮ ਪੱਖ ਨੂੰ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਵਿਰੁੱਧ ਹਾਈ ਕੋਰਟ ਜਾਣ ਦੀ ਸਲਾਹ ਦੇਣ ਦੇ ਨਾਲ-ਨਾਲ ਮਾਮਲੇ ਨੂੰ ਆਪਣੇ ਕੋਲ ਵੀ ਪੈਂਡਿੰਗ ਰੱਖਿਆ ਹੈ ਤੇ ਅਗਲੀ ਸੁਣਵਾਈ 6 ਜਨਵਰੀ ਦੀ ਪਾਈ ਹੈ | ਸੰਭਲ ਦੀ ਸ਼ਾਹੀ ਜਾਮਾ ਮਸਜਿਦ ਦੀ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਜ਼ਿਲ੍ਹਾ ਅਦਾਲਤ ਦੇ 19 ਨਵੰਬਰ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ |
ਉਧਰ, ਸੰਭਲ ਦੀ ਸਿਵਲ ਜੱਜ ਆਦਿਤਿਆ ਸਿੰਘ ਨੇ ਮਾਮਲੇ ਵਿਚ ਨਿਯੁਕਤ ਕੀਤੇ ਗਏ ਕਮਿਸ਼ਨਰ ਨੂੰ 10 ਦਿਨਾਂ ਦੇ ਅੰਦਰ ਸਰਵੇਖਣ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ | ਕਮਿਸ਼ਨਰ ਰਾਕੇਸ਼ ਸਿੰਘ ਰਾਘਵ ਨੇ ਅਦਾਲਤ ਨੂੰ ਸੂਚਿਤ ਕੀਤਾ ਸੀ ਕਿ ਸਰਵੇਖਣ ਰਿਪੋਰਟ ਹਾਲੇ ਤੱਕ ਮੁਕੰਮਲ ਨਹੀਂ ਹੋਈ, ਜਿਸ ਨੂੰ ਮੁਕੰਮਲ ਕਰਨ ਲਈ ਹੋਰ ਸਮੇਂ ਦੀ ਲੋੜ ਹੈ | ਅਦਾਲਤ ਨੇ ਇਸ ਅਪੀਲ ਨੂੰ ਮਨਜ਼ੂਰ ਕਰਦਿਆਂ ਸੁਣਵਾਈ ਦੀ ਅਗਲੀ ਤਰੀਕ 8 ਜਨਵਰੀ ਨਿਰਧਾਰਤ ਕਰ ਦਿੱਤੀ |
ਸੰਭਲ ‘ਚ 19 ਨਵੰਬਰ ਤੋਂ ਬਾਅਦ ਉਸ ਵੇਲੇ ਤਣਾਅ ਵਧ ਗਿਆ ਸੀ | ਜਦੋਂ ਜਾਮਾ ਮਸਜਿਦ ਦਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਮੁੜ ਸਰਵੇਖਣ ਸ਼ੁਰੂ ਹੋਇਆ | ਹਿੰਸਾ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ |