9.5 C
Jalandhar
Tuesday, December 10, 2024
spot_img

ਪਟੀਸ਼ਨਰ ਦਾ ਪਿਛੋਕੜ

ਵਿਸ਼ਣੂ ਗੁਪਤਾ ਅਜਮੇਰ ਸ਼ਰੀਫ ਦਰਗਾਹ ਦੇ ਸਰਵੇ ਦਾ ਕੋਰਟ ਵੱਲੋਂ ਆਦੇਸ਼ ਦੇਣ ਦੇ ਨਾਲ ਮੁੜ ਚਰਚਾ ਵਿੱਚ ਆ ਗਿਆ ਹੈ | ਗੁਪਤਾ ਨੇ ਹੀ ਪਟੀਸ਼ਨ ਦਾਇਰ ਕੀਤੀ ਹੈ ਕਿ ਅਜਮੇਰ ਸ਼ਰੀਫ ਦੀ ਦਰਗਾਹ ਸ਼ਿਵ ਮੰਦਰ ਦੀ ਥਾਂ ‘ਤੇ ਬਣਾਈ ਗਈ ਹੈ | ਗੁਪਤਾ ਮûਰਾ ਵਿੱਚ ਚੱਲ ਰਹੇ ਸ੍ਰੀ ਕ੍ਰਿਸ਼ਨ ਜਨਮਭੂਮੀ-ਸ਼ਾਹੀ ਈਦਗਾਹ ਵਿਵਾਦ ‘ਚ ਵੀ ਪਟੀਸ਼ਨ ਦਾਇਰ ਕਰ ਚੁੱਕਾ ਹੈ | 2016 ਵਿੱਚ ਉਸ ਨੇ ਡੋਨਾਲਡ ਟਰੰਪ ਦੀ ਜਿੱਤ ਲਈ ਹਵਨ ਕੀਤਾ ਸੀ | ਗੁਪਤਾ ਮੂਲ ਰੂਪ ‘ਚ ਯੂ ਪੀ ਦੇ ਏਟਾ ਦਾ ਹੈ ਤੇ ਜਵਾਨੀ ‘ਚ ਦਿੱਲੀ ਆ ਗਿਆ ਸੀ | ਪਹਿਲਾਂ ਉਹ ਸ਼ਿਵ ਸੈਨਾ ਨਾਲ ਜੁੜਿਆ ਤੇ ਫਿਰ 2008 ‘ਚ ਬਜਰੰਗ ਦਲ ‘ਚ ਸ਼ਾਮਲ ਹੋ ਗਿਆ | 2011 ਵਿੱਚ ਉਸ ਨੇ ਹਿੰਦੂ ਸੈਨਾ ਬਣਾ ਲਈ | ਹਿੰਦੂ ਸੈਨਾ ਦੀ ਵੈੱਬਸਾਈਟ ਮੁਤਾਬਕ ਉਹ ਇਸਲਾਮੀਕਰਨ, ਸ਼ਰੀਆ ਕਾਨੂੰਨ, ਲਵ ਜਿਹਾਦ ਤੇ ਇਸਲਾਮੀ ਕੱਟੜਪੰਥ ਦਾ ਵਿਰੋਧ ਕਰਦੀ ਹੈ |
ਗੁਪਤਾ ਤੇ ਉਸ ਦੇ ਸਾਥੀ ਮੁਸਲਮਾਨਾਂ ਤੇ ਉਨ੍ਹਾਂ ਦੇ ਹੱਕ ਵਿੱਚ ਖੜ੍ਹੇ ਹੋਣ ਵਾਲਿਆਂ ਦਾ ਜ਼ੁਬਾਨੀ-ਕਲਾਮੀ ਹੀ ਵਿਰੋਧ ਨਹੀਂ ਕਰਦੇ, ਸਗੋਂ ਹਮਲੇ ਵੀ ਕਰਦੇ ਆ ਰਹੇ ਹਨ | ਇਨ੍ਹਾਂ ਨੇ ਜਨਵਰੀ 2014 ਵਿੱਚ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ‘ਤੇ ਇਸ ਕਰਕੇ ਹਮਲਾ ਕਰ ਦਿੱਤਾ ਸੀ, ਕਿਉਂਕਿ ਉਨ੍ਹਾ ਜੰਮੂ-ਕਸ਼ਮੀਰ ਵਿੱਚ ਫੌਜ ਦੀ ਤਾਇਨਾਤੀ ਦੇ ਮਾਮਲੇ ‘ਚ ਰੈਫਰੈਂਡਮ ਦੀ ਮੰਗ ਕੀਤੀ ਸੀ | ਹਿੰਦੂ ਸੈਨਾ ਦੇ ਮੈਂਬਰਾਂ ਨੇ ਦਿੱਲੀ ‘ਚ ਸੀ ਪੀ ਆਈ (ਐੱਮ) ਦੇ ਦਫਤਰ ‘ਚ ਵੇਲੇ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ‘ਤੇ ਹਮਲਾ ਕੀਤਾ ਸੀ | ਫਰਵਰੀ 2014 ਵਿੱਚ ਹਿੰਦੂ ਸੈਨਾ ਨੇ ‘ਦੀ ਕਾਰਵਾਂ’ ਰਸਾਲੇ ਦੇ ਦਫਤਰ ਦੇ ਬਾਹਰ ਇਸ ਕਰਕੇ ਪ੍ਰਦਰਸ਼ਨ ਕੀਤਾ ਸੀ, ਕਿਉਂਕਿ ਉਸ ਨੇ ਅਜਮੇਰ ਦਰਗਾਹ, ਮੱਕਾ ਮਸਜਿਦ ਤੇ ਸਮਝੌਤਾ ਐਕਸਪ੍ਰੈਸ ਵਿੱਚ ਹੋਏ ਧਮਾਕਿਆਂ ਦੇ ਮੁਲਜ਼ਮ ਅਸੀਮਾਨੰਦ ਬਾਰੇ ਰਿਪੋਰਟ ਛਾਪੀ ਸੀ | ਅਕਤੂਬਰ 2015 ਵਿੱਚ ਦਿੱਲੀ ਪੁਲਸ ਨੇ ਗੁਪਤਾ ਨੂੰ ਇਸ ਕਰਕੇ ਹਿਰਾਸਤ ‘ਚ ਲੈ ਲਿਆ ਸੀ, ਕਿਉਂਕਿ ਉਸ ਨੇ ਫਰਜ਼ੀ ਸ਼ਿਕਾਇਤ ਕੀਤੀ ਸੀ ਕਿ ਨਵੀਂ ਦਿੱਲੀ ‘ਚ ਕੇਰਲਾ ਹਾਊਸ ਦੀ ਕੈਂਟੀਨ ਵਿੱਚ ਗਊ ਦਾ ਮੀਟ ਪਰੋਸਿਆ ਜਾ ਰਿਹਾ ਹੈ | ਜਨਵਰੀ 2016 ‘ਚ ਗੁਪਤਾ ਨੂੰ ਨਵੀਂ ਦਿੱਲੀ ਸਥਿਤ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਦਫਤਰ ‘ਚ ਭੰਨਤੋੜ ਕਰਨ ‘ਤੇ ਗਿ੍ਫਤਾਰ ਕੀਤਾ ਗਿਆ ਸੀ | ਸਤੰਬਰ 2021 ਵਿੱਚ ਹੈਦਰਾਬਾਦ ਦੇ ਸਾਂਸਦ ਅਸਦੂਦੀਨ ਓਵੈਸੀ ਦੀ ਦਿੱਲੀ ਸਥਿਤ ਸਰਕਾਰੀ ਰਿਹਾਇਸ਼ ‘ਤੇ ਹਿੰਦੂ ਸੈਨਾ ਨਾਲ ਜੁੜੇ ਲੋਕਾਂ ਨੇ ਭੰਨਤੋੜ ਕੀਤੀ ਸੀ | ਜੂਨ 2022 ‘ਚ ਨੂਪੁਰ ਸ਼ਰਮਾ ਨੂੰ ਭਾਜਪਾ ਵਿੱਚੋਂ ਮੁਅੱਤਲ ਕਰਨ ‘ਤੇ ਹਿੰਦੂ ਸੈਨਾ ਨੇ ਦਿੱਲੀ ਦੇ ਰਾਜੌਰੀ ਗਾਰਡਨ ਦੇ ਵਿਸ਼ਵਗਿਰੀ ਮੰਦਰ ‘ਚ ਤਲਵਾਰਾਂ ਵੰਡੀਆਂ ਸਨ | ਹੁਣ ਵਿਸ਼ਣੂ ਗੁਪਤਾ ਨੇ ਅਜਮੇਰ ਦੀ ਦਰਗਾਹ ਨੂੰ ਲੈ ਕੇ ਜਿਹੜੀ ਪਟੀਸ਼ਨ ਦਾਇਰ ਕੀਤੀ ਹੈ, ਉਹ ਫਿਰਕੂ ਪਾੜਾ ਵਧਾਉਣ ਦਾ ਕਾਰਨ ਬਣ ਗਈ ਹੈ |

Related Articles

Latest Articles