ਟੋਰਾਂਟੋ : ਸਥਾਨਕ ਅਦਾਲਤ ਨੇ ਇੱਥੋਂ ਦੇ ਲਕਸ਼ਮੀ ਨਰਾਇਣ ਮੰਦਰ ਕੰਪਲੈਕਸ ਦੇ ਸੌ ਮੀਟਰ ਦੇ ਦਾਇਰੇ ਵਿਚ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਾ ਦਿੱਤੀ ਹੈ | ਇਸ ਸੰਬੰਧੀ ਜਾਣਕਾਰੀ ਲਕਸ਼ਮੀ ਨਰਾਇਣ ਮੰਦਰ ਹਿੰਦੂ ਕਲਚਰਲ ਸੁਸਾਇਟੀ ਸਕਾਰਬਰੋ ਨੇ ਦਿੱਤੀ ਹੈ | ਇਸ ਸੁਸਾਇਟੀ ਨੇ ਟੋਰਾਂਟੋ ਪੁਲਸ ਦਾ ਮੰਦਰ ਵਿਚ ਲਗਾਏ ਗਏ ਇੰਡੀਅਨ ਕੌਸਲਰ ਕੈਂਪ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਹੈ | ਸੁਸਾਇਟੀ ਨੇ ਕਿਹਾ ਕਿ ਇਹ ਹੁਕਮ 30 ਨਵੰਬਰ ਤੋਂ ਲਾਗੂ ਹੋ ਗਏ ਹਨ ਤੇ ਅਦਾਲਤ ਨੇ ਇੱਥੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕਿਸੇ ਪ੍ਰਦਰਸ਼ਨ ‘ਤੇ ਖਾਲਿਸਤਾਨੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਾ ਦਿੱਤੀ ਹੈ | ਇਸ ਫੈਸਲੇ ਨਾਲ ਹਿੰਦੂ ਭਾਈਚਾਰੇ ਵਿਚ ਸੁਰੱਖਿਅਤ ਮਾਹੌਲ ਯਕੀਨੀ ਬਣਾਇਆ ਜਾਵੇਗਾ | ਨਵੰਬਰ ਦੇ ਸ਼ੁਰੂ ਵਿਚ ਬਰੈਂਪਟਨ ਦੇ ਹਿੰਦੂ ਸਭਾ ਮੰਦਰ ‘ਚ ਖਾਲਿਸਤਾਨੀ ਝੰਡਿਆਂ ਵਾਲੇ ਪ੍ਰਦਰਸ਼ਨਕਾਰੀਆਂ ਅਤੇ ਲੋਕਾਂ ਵਿਚਕਾਰ ਝੜਪਾਂ ਹੋ ਗਈਆਂ ਸਨ | ਇਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਹਿੰਦੂ ਸਭਾ ਮੰਦਰ ‘ਤੇ ਹਿੰਸਾ ਦੀ ਨਿੰਦਾ ਕਰਦਿਆਂ ਕੈਨੇਡੀਅਨ ਸਰਕਾਰ ਨੂੰ ਹਮਲਿਆਂ ਤੋਂ ਧਾਰਮਿਕ ਸਥਾਨਾਂ ਦੀ ਰੱਖਿਆ ਕਰਨ ਅਤੇ ਜ਼ਿੰਮੇਵਾਰ ਲੋਕਾਂ ‘ਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ | ਜੈਸਵਾਲ ਨੇ ਕਿਹਾ ਸੀ ਕਿ ਭਾਰਤ ਕੈਨੇਡਾ ‘ਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਘਾ ਚਿੰਤਤ ਹੈ |




