1947 ਵਰਗੇ ਹਾਲਾਤ ਬਣਾਏ ਜਾ ਰਹੇ : ਮਹਿਬੂਬਾ ਮੁਫਤੀ

0
138

ਜੰਮੂ : ਪੀਪਲਜ਼ ਡੈਮੋਕਰੇਟਿਕ ਪਾਰਟੀ ਦੀ ਪ੍ਰਧਾਨ ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਐਤਵਾਰ ਦੇਸ਼ ਦੇ ਬਹੁਗਿਣਤੀ ਹਿੰਦੂਆਂ ਨੂੰ ਸੈਕੂਲਰ ਦੱਸਦਿਆਂ ਲੋਕਾਂ ਨੂੰ ਧਾਰਮਕ ਲੀਹਾਂ ‘ਤੇ ਵੰਡਣ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਖਿਲਾਫ ਮੁਤਹਿੱਦਾ ਲੜਾਈ ਦਾ ਸੱਦਾ ਦਿੱਤਾ | ਉਨ੍ਹਾ ਖਬਰਦਾਰ ਕੀਤਾ ਕਿ ਜੋ ਹੋ ਰਿਹਾ ਹੈ, ਉਸਤੋਂ ਹਾਲਾਤ 1947 ਦੇ ਫਸਾਦਾਂ ਵਰਗੇ ਬਣਦੇ ਦਿੱਸ ਰਹੇ ਹਨ | ਉਨ੍ਹਾ ਕਿਹਾ—ਦੇਸ਼ ਦੀ ਸਥਿਤੀ ਚੰਗੀ ਨਹੀਂ | ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨਹਿਰੂ, ਮੌਲਾਨਾ ਅਬਦੁੱਲ ਕਲਾਮ ਆਜ਼ਾਦ, ਸਰਦਾਰ ਵੱਲਭਭਾਈ ਪਟੇਲ, ਬੀ ਆਰ ਅੰਬੇਡਕਰ ਵਰਗੇ ਆਗੂਆਂ ਨੇ ਇਸ ਦੇਸ਼ ਨੂੰ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਤੇ ਈਸਾਈਆਂ ਦਾ ਬਣਾਇਆ | ਗਾਂਧੀ ਨੇ ਤਾਂ ਜਾਨ ਵੀ ਕੁਰਬਾਨ ਕਰ ਦਿੱਤੀ | ਹੁਣ ਲੋਕਾਂ ਨੂੰ ਇੱਕ-ਦੂਜੇ ਖਿਲਾਫ ਭੜਕਾਇਆ ਜਾ ਰਿਹਾ ਹੈ ਅਤੇ ਮੈਨੂੰ ਡਰ ਲੱਗ ਰਿਹਾ ਹੈ ਕਿ 1947 ਵਰਗੀ ਸਥਿਤੀ ਵੱਲ ਧੱਕਿਆ ਜਾ ਰਿਹਾ ਹੈ | ਉਨ੍ਹਾ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਸਦੀ ਸਰਕਾਰ ਨੌਕਰੀਆਂ, ਸਿੱਖਿਆ, ਚੰਗੇ ਹਸਪਤਾਲ ਤੇ ਸੜਕਾਂ ਦੇਣ ਵਿੱਚ ਨਾਕਾਮ ਰਹੀ ਹੈ ਤੇ ਹੁਣ ਹੇਠਾਂ ਮੰਦਰ ਹੋਣ ਦੇ ਬਹਾਨੇ ਮਸਜਿਦਾਂ ਨੂੰ ਨਿਸ਼ਾਨਾ ਬਣਾ ਕੇ ਲੋਕਾਂ ਦਾ ਧਿਆਨ ਭਟਕਾ ਰਹੀ ਹੈ | ਉਨ੍ਹਾ ਕਿਹਾ—ਬੰਗਲਾਦੇਸ਼ ਵਿੱਚ ਸਾਡੇ ਹਿੰਦੂ ਭਰਾਵਾਂ ‘ਤੇ ਜ਼ੁਲਮ ਹੋ ਰਿਹਾ ਹੈ ਪਰ ਜੇ ਅਸੀਂ ਇੱਥੇ ਘੱਟਗਿਣਤੀਆਂ ਨਾਲ ਉਹੀ ਸਲੂਕ ਕਰਾਂਗੇ ਤਾਂ ਫਿਰ ਫਰਕ ਕੀ ਰਿਹਾ?