20 ਘੰਟੇ ਫਸੇ ਰਹਿਣ ਤੋਂ ਬਾਅਦ ਮੰਜ਼ਲ ਵੱਲ ਰਵਾਨਾ

0
177

ਕੁਵੈਤ ਸ਼ਹਿਰ : ਮੈਨਚੈਸਟਰ ਜਾਣ ਵਾਲੀ ‘ਗਲਫ ਏਅਰ’ ਦੀ ਉਡਾਣ ਦੇ ਕਈ ਭਾਰਤੀ ਮੁਸਾਫਰ ਕੁਵੈਤ ਹਵਾਈ ਅੱਡੇ ‘ਤੇ ਤਕਰੀਬਨ 20 ਘੰਟੇ ਤੱਕ ਫਸੇ ਰਹਿਣ ਮਗਰੋਂ ਸੋਮਵਾਰ ਸਵੇਰੇ ਆਪਣੀ ਮੰਜ਼ਲ ਵੱਲ ਰਵਾਨਾ ਹੋਏ | ਬਹਿਰੀਨ ਤੋਂ ਮੈਨਚੈਸਟਰ ਜਾਣ ਵਾਲੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਕੁਵੈਤ ਮੋੜ ਦਿੱਤਾ ਗਿਆ ਸੀ | ਗਲਫ ਏਅਰ ਜੀ ਐੱਫ 5 ਨੇ 1 ਦਸੰਬਰ ਨੂੰ ਸਥਾਨਕ ਸਮੇਂ ਅਨੁਸਾਰ ਦੇਰ ਰਾਤ 2:05 ਵਜੇ ਬਹਿਰੀਨ ਤੋਂ ਉਡਾਣ ਭਰੀ, ਪਰ ਜਹਾਜ਼ ‘ਚ ਕੁਝ ਤਕਨੀਕੀ ਖਰਾਬੀ ਆਉਣ ਕਾਰਨ ਉਸ ਨੂੰ ਸਵੇਰੇ 4.01 ਵਜੇ ਕੁਵੈਤ ‘ਚ ਉਤਾਰਨਾ ਪਿਆ | ਸੋਸ਼ਲ ਮੀਡੀਆ ‘ਤੇ ਪਾਈ ਗਈ ਇੱਕ ਪੋਸਟ ਅਨੁਸਾਰ ਕਈ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਉਹ ਘੰਟਿਆਂਬੱਧੀ ਹਵਾਈ ਅੱਡੇ ਉੱਤੇ ਫਸੇ ਰਹੇ, ਜਿਸ ਮਗਰੋਂ ਕੁਵੈਤ ਵਿਚ ਭਾਰਤੀ ਅੰਬੈਸੀ ਨੇ ‘ਗਲਫ ਏਅਰ’ ਦੇ ਅਧਿਕਾਰੀਆਂ ਕੋਲ ਇਹ ਮਾਮਲਾ ਰੱਖਿਆ | ਅੰਬੈਸੀ ਮੁਤਾਬਕ ਯਾਤਰੀਆਂ ਲਈ ਵਿਸ਼ਰਾਮ ਘਰ ਵਿਚ ਭੋਜਨ ਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ |