ਆਰੀਅਨ ਜ਼ਿੰਦਗੀ ਦੀ ਲੜਾਈ ਹਾਰ ਗਿਆ

0
132

ਜੈਪੁਰ : ਰਾਜਸਥਾਨ ਦੇ ਦੌਸਾ ਦੇ ਕਲੀਖੜ ਪਿੰਡ ’ਚ 150 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਣ ਵਾਲਾ ਪੰਜ ਸਾਲਾ ਆਰੀਅਨ ਵੀਰਵਾਰ ਜ਼ਿੰਦਗੀ ਦੀ ਲੜਾਈ ਹਾਰ ਗਿਆ। 55 ਘੰਟੇ ਤੋਂ ਵੱਧ ਦੇ ਬਚਾਅ ਕਾਰਜ ਤੋਂ ਬਾਅਦ ਬੁੱਧਵਾਰ ਰਾਤ ਉਸ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਬੇਹੋਸ਼ੀ ਦੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਉਸ ਦੇ ਸੋਮਵਾਰ ਦੁਪਹਿਰ ਕਰੀਬ 3 ਵਜੇ ਖੇਤ ਵਿੱਚ ਖੇਡਦਿਆਂ ਮਾਂ ਦੇ ਸਾਹਮਣੇ ਬੋਰਵੈੱਲ ਵਿੱਚ ਡਿੱਗਣ ਦੇ ਇੱਕ ਘੰਟੇ ਬਾਅਦ ਬਚਾਅ ਕਾਰਜ ਸ਼ੁਰੂ ਹੋ ਗਿਆ ਸੀ। ਬੱਚੇ ਤੱਕ ਪਹੁੰਚਣ ਲਈ ਸਮਾਂਤਰ ਟੋਆ ਪੁੱਟਿਆ ਗਿਆ ਸੀ।
ਦਿਲਜੀਤ ’ਤੇ ਪਾਬੰਦੀ!
ਚੰਡੀਗੜ੍ਹ : 14 ਦਸੰਬਰ ਨੂੰ ਸ਼ਹਿਰ ’ਚ ਹੋਣ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਗਾਇਕ ਦਿਲਜੀਤ ਦੁਸਾਂਝ ਨੂੰ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਸਲਾਹ ਦਿੱਤੀ ਹੈ ਕਿ ਪਟਿਆਲਾ ਪੈੱਗ, 5 ਤਾਰਾ ਅਤੇ ਕੇਸ ਵਰਗੇ ਗੀਤਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਤੋਂ ਪਰਹੇਜ਼ ਕੀਤਾ ਜਾਵੇ, ਜਿਨ੍ਹਾਂ ’ਚ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ। ਪ੍ਰੋਗਰਾਮ ਬਹੁਤ ਦੇਰ ਰਾਤ ਤੱਕ ਚੱਲਦੇ ਹਨ ਅਤੇ ਸ਼ਰਾਬ ਦੀ ਸਪਲਾਈ ਦੀ ਬਹੁਤ ਸੰਭਾਵਨਾ ਹੁੰਦੀ ਹੈ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ਰਾਬ ਨਹੀਂ ਦਿੱਤੀ ਜਾਣੀ ਚਾਹੀਦੀ।
ਢੀਂਡਸਾ ਨੇ ਸੇਵਾ ਨਿਭਾਈ
ਤਲਵੰਡੀ ਸਾਬੋ : ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੀਰਵਾਰ ਤਖਤ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਧਾਰਮਕ ਸੇਵਾ ਨਿਭਾਈ। ਉਨ੍ਹਾ ਮੁੱਖ ਦੁਆਰ ਅੱਗੇ ਚਰਨ ਕੁੰਡ ਕੋਲ ਨੀਲਾ ਚੋਲਾ ਪਹਿਨ ਅਤੇ ਹੱਥ ’ਚ ਬਰਛਾ ਫੜ ਕੇ ਚੋਬਦਾਰ (ਪਹਿਰੇਦਾਰ) ਵਜੋਂ ਸੇਵਾ ਕੀਤੀ। ਇੱਕ ਘੰਟਾ ਗੁਰਬਾਣੀ ਕੀਰਤਨ ਸਵਰਣ ਕੀਤਾ। ਮਾਤਾ ਸੁੰਦਰੀ ਲੰਗਰ ਹਾਲ ’ਚ ਦਸ ਕੁ ਮਿੰਟ ਹੀ ਜੂਠੇ ਭਾਂਡੇ ਮਾਂਜਣ ਦੀ ਸੇਵਾ ਕੀਤੀ। ਸਿਹਤ ਠੀਕ ਨਾ ਹੋਣ ਕਰ ਕੇ ਜ਼ਿਆਦਾ ਦੇਰ ਇਹ ਸੇਵਾ ਨਾ ਕਰ ਸਕੇ। ਇਸ ਮੌਕੇ ਉਨ੍ਹਾ ਨਾਲ ਵੀ ਵੱਡੀ ਗਿਣਤੀ ’ਚ ਅਕਾਲੀ ਆਗੂ ਹਾਜ਼ਰ ਸਨ।