ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ/ਕੰਵਲਜੀਤ ਸਿੰਘ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਤੇ ਦਿਨੀਂ ਇੱਕ ਪੱਤਰਕਾਰ ਨਾਲ ਫੋਨ ’ਤੇ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪ੍ਰਤੀ ਬਹੁਤ ਭੱਦੀ ਭਾਸ਼ਾ ਵਰਤੀ ਗਈ, ਜਿਸ ਦੀ ਆਡੀਓ ਵਾਇਰਲ ਹੋਣ ’ਤੇ ਸੰਗਤਾਂ ਵਿੱਚ ਜ਼ਬਰਦਸਤ ਰੋਸ ਪਾਇਆ ਗਿਆ।
ਪੱਤਰਕਾਰ ਵੱਲੋਂ ਧਾਮੀ ਨੂੰ ਬੀਬੀ ਜਗੀਰ ਕੌਰ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਧਾਮੀ ਨੇ ਬੀਬੀ ਪ੍ਰਤੀ ‘ਬੁੱਢੀ’ ਵਰਗੇ ਭੱਦੇ ਸ਼ਬਦ ਵਰਤੇ। ਕੁਝ ਲੋਕ ਉਹਨਾਂ ਕੋਲ਼ੋਂ ਅਸਤੀਫੇ ਦੀ ਮੰਗ ਕਰ ਰਹੇ ਹਨ। ਜਦੋਂ ਇਹ ਆਡੀਓ ਜੰਗਲ ਦੀ ਅੱਗ ਵਾਂਗ ਸੋਸ਼ਲ ਮੀਡੀਏ ’ਤੇ ਵਾਇਰਲ ਹੋਈ ਤਾਂ ਧਾਮੀ ਨੂੰ ਪਾਰਟੀ ਹਾਈਕਮਾਂਡ ਕੋਲੋਂ ਕਾਫੀ ਝਾੜ-ਝੰਬ ਦਾ ਸਾਹਮਣਾ ਕਰਨਾ ਪਿਆ। ਇਸ ਅਵੱਗਿਆ ਨੂੰ ਲੈ ਕੇ ਧਾਮੀ ਦੀ ਪ੍ਰਧਾਨਗੀ ’ਤੇ ਵੀ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ ਤੇ ਕਈ ਇਸਤਰੀ ਸੰਸਥਾਵਾਂ ਧਾਮੀ ਖਿਲ਼ਾਫ ਮੋਰਚਾ ਖੋਹਲਣ ਲਈ ਵੀ ਵਿਚਾਰ ਕਰ ਰਹੀਆਂ ਹਨ। ਜੇਕਰ ਇਹ ਅਵੱਗਿਆ ਦਾ ਮਾਮਲਾ ਵਿਰਾਟ ਰੂਪ ਧਾਰਨ ਕਰ ਜਾਂਦਾ ਹੈ ਤਾਂ ਧਾਮੀ ਨੂੰ ਪ੍ਰਧਾਨਗੀ ਤੋਂ ਵਿਹਲਿਆਂ ਵੀ ਕੀਤਾ ਜਾ ਸਕਦਾ ਹੈ।
ਇਸੇ ਦੌਰਾਨ ਧਾਮੀ ਨੇ ਸ੍ਰੀ ਅਕਾਲ ਤਖਤ ਵਿਖੇ ਪੱਤਰ ਦੇ ਕੇ ਉਨ੍ਹਾ ਕੋਲੋਂ ਜਾਣੇ-ਅਨਜਾਣੇ ਵਿੱਚ ਹੋਈ ਗਲਤੀ ਲਈ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸਮੁੱਚੀ ਔਰਤ ਸ਼੍ਰੇਣੀ ਕੋਲੋਂ ਮੁਆਫੀ ਮੰਗੀ ਹੈ।
ਉਨ੍ਹਾ ਦੱਸਿਆ ਕਿ ਬੀਤੇ ਦਿਨੀਂ ਇੱਕ ਵਿਅਕਤੀ ਨਾਲ ਮੋਬਾਈਲ ਫੋਨ ਉੱਤੇ ਗੱਲ ਕਰਦਿਆਂ ਉਨ੍ਹਾ ਕੋਲੋਂ ਕੁਝ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਸੀ। ਇਹ ਸਭ ਕੁਝ ਜਾਣੇ-ਅਣਜਾਣੇ ਵਿੱਚ ਹੋਇਆ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਇੱਕ ਜ਼ਿੰਮੇਵਾਰ ਪੰਥਕ ਅਹੁਦੇ ’ਤੇ ਹੁੰਦੇ ਹੋਇਆਂ ਉਨ੍ਹਾ ਨੂੰ ਅਜਿਹੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾ ਕਿਹਾ ਕਿ ਜਥੇਦਾਰ ਵੱਲੋਂ ਜੋ ਵੀ ਆਦੇਸ਼ ਹੋਵੇਗਾ, ਉਹ ਸਿਰ ਮੱਥੇ ਪ੍ਰਵਾਨ ਕਰਨਗੇ।
ਜਥੇਦਾਰ ਅਕਾਲ ਤਖਤ ਦਾ ਭਾਵੇਂ ਹਾਲੇ ਕੋਈ ਪੱਖ ਸਾਹਮਣੇ ਨਹੀ ਆਇਆ, ਪਰ ਜਥੇਦਾਰ ਤਾਂ ਪਹਿਲਾਂ ਹੀ ਇਹਨਾਂ ਅਕਾਲੀ ਆਗੂਆਂ ਦੀਆਂ ਆਪਾ-ਵਿਰੋਧੀ ਕਾਰਵਾਈਆਂ ਤੋਂ ਕਾਫੀ ਖਫਾ ਹਨ। ਉਮੀਦ ਹੈ ਕਿ ਅਕਾਲ ਤਖਤ ਤੋਂ ਪ੍ਰਧਾਨ ਧਾਮੀ ਕੋਲੋਂ ਅਸਤੀਫਾ ਵੀ ਮੰਗਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਧਾਮੀ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੇ ਲਏ ਗਏ ਫੈਸਲੇ ਨੂੰ ਲੈ ਕੇ ਸੰਗਤਾਂ ਦੀ ਕਚਹਿਰੀ ਦੇ ਘੇਰੇ ਵਿੱਚ ਹਨ ਤੇ 18 ਦਸੰਬਰ ਨੂੰ ਅਕਾਲ ਤਖਤ ਦੇ ਸਾਹਮਣੇ ਹੋਣ ਵਾਲੇ ਇਕੱਠ ਵਿੱਚ ਵੀ ਧਾਮੀ ਕੋਲੋਂ ਅਸਤੀਫੇ ਦੀ ਮੰਗ ਕੀਤੀ ਜਾ ਸਕਦੀ ਹੈ।




