250 ਤੋਂ ਵੱਧ ਜਾਨਾਂ ਜਾਣ ਤੋਂ ਬਾਅਦ ਬੀਰੇਨ ਸਿੰਘ ਨੇ ਮੁਆਫੀ ਮੰਗੀ

0
59

ਇੰਫਾਲ : ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਸੂਬੇ ਵਿੱਚ ਹੋਈ ਨਸਲੀ ਹਿੰਸਾ, ਜਿਸ ’ਚ 250 ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਤੇ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ, ਲਈ ਮੰਗਲਵਾਰ ਮੁਆਫੀ ਮੰਗੀ। ਉਨ੍ਹਾ ਸਾਰੇ ਭਾਈਚਾਰਿਆਂ ਨੂੰ ਅਪੀਲ ਕੀਤੀ ਕਿ ਉਹ ਪਿਛਲੀਆਂ ਗਲਤੀਆਂ ਭੁੱਲ ਕੇ ਸ਼ਾਂਤੀਪੂਰਨ ਤੇ ਖੁਸ਼ਹਾਲ ਸੂਬੇ ’ਚ ਇਕੱਠੇ ਰਹਿਣ। ਉਨ੍ਹਾ ਨਵੇਂ ਸਾਲ ਦੀ ਪੂਰਬਲੀ ਸ਼ਾਮ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਿਛਲੇ ਤਿੰਨ-ਚਾਰ ਮਹੀਨਿਆਂ ’ਚ ਸੂਬੇ ’ਚ ਕੁਝ ਹੱਦ ਤੱਕ ਸ਼ਾਂਤੀ ਰਹੀ ਹੈ ਅਤੇ ਉਨ੍ਹਾ ਨੂੰ ਆਸ ਹੈ ਕਿ ਨਵੇਂ ਸਾਲ ’ਚ ਹਾਲਾਤ ਆਮ ਵਾਂਗ ਹੋ ਜਾਣਗੇ। ਉਨ੍ਹਾ ਕਿਹਾਸੂਬੇ ’ਚ, ਜੋ ਵੀ ਹੋਇਆ, ਉਸ ਲਈ ਮੈਂ ਮੁਆਫੀ ਚਾਹੁੰਦਾ ਹਾਂ। ਕਈ ਵਿਅਕਤੀਆਂ ਨੇ ਆਪਣੇ ਸਨੇਹੀ ਗੁਆ ਲਏ ਅਤੇ ਕਈਆਂ ਨੂੰ ਆਪਣਾ ਘਰ-ਬਾਰ ਛੱਡਣਾ ਪਿਆ। ਮੈਨੂੰ ਅਫਸੋਸ ਹੈ ਅਤੇ ਮੈਂ ਮੁਆਫੀ ਚਾਹੁੰਦਾ ਹਾਂ। ਉਧਰ, ਕਾਂਗਰਸ ਨੇ ਪੁੱਛਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਨੀਪੁਰ ਦਾ ਦੌਰਾ ਕਰ ਕੇ ਅਜਿਹਾ ਕਿਉਂ ਨਹੀਂ ਕਰ ਸਕਦੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੁਨੀਆ ਭਰ ਦੀ ਯਾਤਰਾ ਕਰ ਰਹੇ ਹਨ, ਪਰ ਮਨੀਪੁਰ ਜਾਣ ਤੋਂ ਟਲਦੇ ਹਨ। ਉਹ 4 ਮਈ 2023 ਤੋਂ ਜਾਣਬੁੱਝ ਕੇ ਸੂਬੇ ਦਾ ਦੌਰਾ ਕਰਨ ਤੋਂ ਗੁਰੇਜ਼ ਕਰ ਰਹੇ ਹਨ।