ਧਾਰ (ਮੱਧ ਪ੍ਰਦੇਸ਼) : ਭੋਪਾਲ ਵਿੱਚ ਵਾਪਰੇ ਭਿਆਨਕ ਗੈਸ ਦੁਖਾਂਤ ਦਾ ਕਾਰਨ ਬਣੀ ਤੇ ਉਦੋਂ ਤੋਂ ਹੀ ਬੰਦ ਪਈ ਯੂਨੀਅਨ ਕਾਰਬਾਈਡ ਫੈਕਟਰੀ ਵਿਚਲੇ 377 ਟਨ ਖਤਰਨਾਕ ਕੂੜੇ (ਰਹਿੰਦ-ਖੂੰਹਦ) ਨੂੰ 40 ਸਾਲਾਂ ਬਾਅਦ ਹੁਣ ਧਾਰ ਜ਼ਿਲ੍ਹੇ ਵਿਚਲੀ ਇੱਕ ਯੂਨਿਟ ’ਚ ਨਿਬੇੜੇ ਲਈ ਭੇਜਿਆ ਗਿਆ ਹੈ।
ਧਾਰ ਦੇ ਐੱਸ ਪੀ ਮਨੋਜ ਸਿੰਘ ਨੇ ਦੱਸਿਆ ਕਿ ਜ਼ਹਿਰੀਲੇ ਕੂੜੇ ਨੂੰ ਬੁੱਧਵਾਰ ਰਾਤ ਲੱਗਭੱਗ 9 ਵਜੇ 12 ਸੀਲਬੰਦ ਕੰਟੇਨਰ ਟਰੱਕਾਂ ਰਾਹੀਂ ਭੋਪਾਲ ਤੋਂ 250 ਕਿਲੋਮੀਟਰ ਦੂਰ ਸਥਿਤ ਧਾਰ ਜ਼ਿਲ੍ਹੇ ਦੇ ਪੀਥਮਪੁਰ ਉਦਯੋਗਿਕ ਖੇਤਰ ’ਚ ‘ਗਰੀਨ ਕੋਰੀਡੋਰ’ ਰਾਹੀਂ ਲਿਜਾਇਆ ਗਿਆ, ਭਾਵ ਰਸਤੇ ਦੀਆਂ ਸੜਕਾਂ ਨੂੰ ਆਵਾਜਾਈ ਤੋਂ ਪੂਰੀ ਤਰ੍ਹਾਂ ਖਾਲੀ ਕਰਵਾਇਆ ਗਿਆ। ਸਖਤ ਸੁਰੱਖਿਆ ਦੌਰਾਨ ਇਹ ਵਾਹਨ ਸਾਢੇ ਸੱਤ ਘੰਟੇ ਦਾ ਸਫਰ ਕਰਕੇ ਵੀਰਵਾਰ ਸਵੇਰੇ 4.30 ਵਜੇ ਪੀਥਮਪੁਰ ਦੀ ਸੰਬੰਧਤ ਫੈਕਟਰੀ ’ਚ ਪਹੁੰਚੇ, ਜਿੱਥੇ ਕੂੜੇ ਦਾ ਨਿਬੇੜਾ ਕੀਤਾ ਜਾਵੇਗਾ।
ਐਤਵਾਰ ਤੋਂ ਲੱਗਭੱਗ 100 ਵਿਅਕਤੀਆਂ ਨੇ 30-30 ਮਿੰਟ ਦੀਆਂ ਸ਼ਿਫਟਾਂ ’ਚ ਕੰਮ ਕਰਦਿਆਂ ਕੂੜੇ ਨੂੰ ਪੈਕ ਅਤੇ ਟਰੱਕਾਂ ’ਚ ਲੋਡ ਕੀਤਾ। ਲਗਾਤਾਰ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਜਾਂਦੀ ਰਹੀ ਅਤੇ ਹਰ ਅੱਧੇ ਘੰਟੇ ਬਾਅਦ ਆਰਾਮ ਦਿੱਤਾ ਜਾਂਦਾ ਰਿਹਾ। 2-3 ਦਸੰਬਰ, 1984 ਦੀ ਵਿਚਕਾਰਲੀ ਰਾਤ ਨੂੰ ਕੀੜੇਮਾਰ ਜ਼ਹਿਰਾਂ ਬਣਾਉਣ ਵਾਲੀ ਯੂਨੀਅਨ ਕਾਰਬਾਈਡ ਫੈਕਟਰੀ ਤੋਂ ਬਹੁਤ ਜ਼ਿਆਦਾ ਜ਼ਹਿਰੀਲੀ ਮਿਥਾਈਲ ਆਈਸੋਸਾਈਨੇਟ ਗੈਸ ਲੀਕ ਹੋਈ, ਜਿਸ ਨਾਲ ਘੱਟੋ-ਘੱਟ 5,479 ਲੋਕ ਮਾਰੇ ਗਏ ਅਤੇ ਹਜ਼ਾਰਾਂ ਲੋਕ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਸਨ, ਜੋ ਗੰਭੀਰ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ/ਸਨ।
ਮੱਧ ਪ੍ਰਦੇਸ਼ ਹਾਈ ਕੋਰਟ ਨੇ 3 ਦਸੰਬਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਭੋਪਾਲ ’ਚ ਯੂਨੀਅਨ ਕਾਰਬਾਈਡ ਸਾਈਟ ਨੂੰ ਸਾਫ ਨਾ ਕਰਨ ਲਈ ਅਧਿਕਾਰੀਆਂ ਨੂੰ ਫਟਕਾਰ ਲਗਾਈ। ਹਾਈ ਕੋਰਟ ਨੇ ਕੂੜੇ ਨੂੰ ਤਬਦੀਲ ਕਰਨ ਲਈ ਚਾਰ ਹਫਤਿਆਂ ਦਾ ਸਮਾਂ ਦਿੱਤਾ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।




