ਲਾਹੌਰ : ਆਪਣੀ ਫੇਸਬੁਕ ਦੋਸਤ ਨੂੰ ਮਿਲਣ ਤੇ ਵਿਆਹ ਕਰਾਉਣ ਲਈ ਗੈਰਕਾਨੂੰਨੀ ਤੌਰ ’ਤੇ ਪਾਕਿਸਤਾਨ ਗਏ ਯੂ ਪੀ ਦੇ ਅਲੀਗੜ੍ਹ ਨਾਲ ਸੰਬੰਧਤ 30 ਸਾਲਾ ਵਿਅਕਤੀ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ। ਮੁਕਾਮੀ ਪੁਲਸ ਮੁਤਾਬਕ ਜਿਸ ਔਰਤ ਨੂੰ ਮਿਲਣ ਉਹ ਆਇਆ ਸੀ, ਉਸ ਦਾ ਕਹਿਣਾ ਹੈ ਕਿ ਉਹ ਉਸ ਨਾਲ ਵਿਆਹ/ਨਿਕਾਹ ਨਹੀਂ ਕਰਵਾਉਣਾ ਚਾਹੁੰਦੀ।
ਅਲੀਗੜ੍ਹ ਜ਼ਿਲ੍ਹੇ ਦੇ ਬਾਦਲ ਬਾਬੂ ਨੂੰ ਪਿਛਲੇ ਹਫਤੇ ਲਹਿੰਦੇ ਪੰਜਾਬ ਵਿੱਚ (ਲਾਹੌਰ ਤੋਂ ਕਰੀਬ 240 ਕਿਲੋਮੀਟਰ ਦੂਰ) ਮੰਡੀ ਬਹਾਊਦੀਨ ਜ਼ਿਲ੍ਹੇ ’ਚ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ ਸੀ। ਪੁਲਸ ਨੇ ਬਾਕਾਇਦਾ ਬਾਬੂ ਦੀ ਫੇਸਬੁਕ ਦੋਸਤ 21 ਸਾਲਾ ਸਨਾ ਰਾਣੀ ਦਾ ਬਿਆਨ ਦਰਜ ਕੀਤਾ ਹੈ, ਜਿਸ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਕਰਾਉਣ ਦੀ ਚਾਹਵਾਨ ਨਹੀਂ ਹੈ।
ਪੁਲਸ ਅਧਿਕਾਰੀ ਨਾਸਿਰ ਸ਼ਾਹ ਨੇ ਵੀਰਵਾਰ ਦੱਸਿਆ ਕਿ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਸਨਾ ਰਾਣੀ ਨੇ ਕਿਹਾ ਕਿ ਬਾਬੂ ਅਤੇ ਉਹ ਪਿਛਲੇ ਢਾਈ ਸਾਲਾਂ ਤੋਂ ਫੇਸਬੁਕ ’ਤੇ ਦੋਸਤ ਹਨ, ਪਰ ਉਹ ਉਸ ਨਾਲ ਵਿਆਹ ਕਰਨ ’ਚ ਦਿਲਚਸਪੀ ਨਹੀਂ ਰੱਖਦੀ। ਉਸ ਨੇ ਕਿਹਾ ਕਿ ਬਾਬੂ ਗੈਰ-ਕਾਨੂੰਨੀ ਤੌਰ ’ਤੇ ਸਰਹੱਦ ਪਾਰ ਕਰਕੇ ਮੰਡੀ ਬਹਾਊਦੀਨ ’ਚ ਸਨਾ ਰਾਣੀ ਦੇ ਮੌਂਗ ਪਿੰਡ ਪਹੁੰਚਿਆ, ਜਿੱਥੋਂ ਉਸ ਨੂੰ ਪੁਲਸ ਨੇ ਗਿ੍ਰਫਤਾਰ ਕਰ ਲਿਆ।
ਜਦੋਂ ਅਫਸਰ ਨੂੰ ਪੁੱਛਿਆ ਗਿਆ ਕਿ ਕੀ ਬਾਬੂ ਦੀ ਰਾਣੀ ਨਾਲ ਮੁਲਾਕਾਤ ਹੋਈ ਸੀ, ਤਾਂ ਉਸ ਨੇ ਕਿਹਾ ਕਿ ਉਹ ਇਸ ਦੀ ਪੁਸ਼ਟੀ ਨਹੀਂ ਕਰ ਸਕਦਾ। ਇਹ ਵੀ ਆਜ਼ਾਦਾਨਾ ਪੁਸ਼ਟੀ ਨਹੀਂ ਕੀਤੀ ਗਈ ਕਿ ਕੀ ਰਾਣੀ ਨੇ ਕਿਸੇ ਦਬਾਅ ਹੇਠ ਬਾਬੂ ਨਾਲ ਵਿਆਹ ਕਰਨ ਤੋਂ ਇਨਕਾਰ ਕੀਤਾ ਹੈ ਜਾਂ ਉਹ ਸੱਚਮੁੱਚ ਅਜਿਹਾ ਨਹੀਂ ਚਾਹੁੰਦੀ।
ਹਾਲਾਂਕਿ, ਇੱਕ ਸੂਤਰ ਨੇ ਦੱਸਿਆ ਕਿ ਇੱਕ ਖੁਫੀਆ ਏਜੰਸੀ ਦੇ ਅਧਿਕਾਰੀਆਂ ਨੇ ਰਾਣੀ ਅਤੇ ਉਸ ਦੇ ਪਰਵਾਰ ਦੇ ਹੋਰ ਮੈਂਬਰਾਂ ਤੋਂ ਬਾਬੂ ਨਾਲ ਉਸ ਦੇ ਸੰਬੰਧਾਂ ਬਾਰੇ ਪੁੱਛਗਿੱਛ ਕੀਤੀ ਹੈ। ਆਪਣੀ ਗਿ੍ਰਫਤਾਰੀ ਪਿੱਛੋਂ ਬਾਬੂ ਨੇ ਪੁਲਸ ਨੂੰ ਆਪਣੀ ਪ੍ਰੇਮ ਕਹਾਣੀ ਦੱਸੀ। ਬਾਬੂ ਨੂੰ ਪਾਕਿਸਤਾਨ ਦੇ ਵਿਦੇਸ਼ੀ ਐਕਟ ਦੀਆਂ ਧਾਰਾਵਾਂ 13 ਅਤੇ 14 ਦੇ ਤਹਿਤ ਹਿਰਾਸਤ ’ਚ ਲਿਆ ਗਿਆ ਸੀ, ਕਿਉਂਕਿ ਉਹ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ ਦੇ ਮੁਲਕ ਵਿੱਚ ਦਾਖ਼ਲ ਹੋਇਆ ਸੀ।
ਬਾਅਦ ’ਚ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ 14 ਦਿਨਾਂ ਲਈ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਹੈ।
ਇਹ ਪਹਿਲੀ ਵਾਰ ਨਹੀਂ, ਜਦੋਂ ਭਾਰਤ ਤੋਂ ਕੋਈ ਸੋਸ਼ਲ ਮੀਡੀਆ ਰਾਹੀਂ ਉਪਜੇ ਪਿਆਰ ਕਾਰਨ ਆਪਣੇ ਦੋਸਤ ਨੂੰ ਮਿਲਣ ਲਈ ਪਾਕਿਸਤਾਨ ’ਚ ਦਾਖਲ ਹੋਇਆ ਹੈ। ਇਸ ਤੋਂ ਪਹਿਲਾਂ ਅੰਜੂ ਨਾਂਅ ਦੀ ਇੱਕ ਭਾਰਤੀ ਔਰਤ ਆਪਣੇ ਪ੍ਰੇਮੀ ਨੂੰ ਮਿਲਣ ਲਈ ਪਾਕਿਸਤਾਨ ਗਈ ਸੀ। ਉਸ ਨੇ ਇਸਲਾਮ ਕਬੂਲ ਕਰ ਲਿਆ ਅਤੇ ਇੱਕ ਪਾਕਿਸਤਾਨੀ ਵਿਅਕਤੀ ਨਸਰੁੱਲਾ ਨਾਲ ਵਿਆਹ ਕੀਤਾ।
ਪਿਛਲੇ ਸਾਲ ਪਾਕਿਸਤਾਨ ਦੀ ਸੀਮਾ ਹੈਦਰ ਨੇ ਪਬਜੀ ਗੇਮ ਰਾਹੀਂ ਇੱਕ ਭਾਰਤੀ ਆਦਮੀ ਨਾਲ ਦੋਸਤੀ ਕੀਤੀ। ਉਹ ਆਪਣੇ ਚਾਰ ਬੱਚਿਆਂ ਨਾਲ ਨੇਪਾਲ ਰਾਹੀਂ ਭਾਰਤ ਆਈ ਅਤੇ ਬਾਅਦ ’ਚ ਉਸ ਨਾਲ ਵਿਆਹ ਕਰਵਾ ਲਿਆ। ਇਸੇ ਤਰ੍ਹਾਂ ਪਿਛਲੇ ਸਾਲ 19 ਸਾਲਾ ਪਾਕਿਸਤਾਨੀ ਕੁੜੀ ਇਕਰਾ ਜੀਵਾਨੀ ਦਾ ਇੱਕ ਆਨਲਾਈਨ ਗੇਮ ਰਾਹੀਂ 25 ਸਾਲਾ ਭਾਰਤੀ ਨਾਗਰਿਕ ਮੁਲਾਇਮ ਸਿੰਘ ਯਾਦਵ ਪਿਆਰ ਪੈ ਗਿਆ। ਬਾਅਦ ਵਿਚ ਇਕਰਾ ਅਤੇ ਮੁਲਾਇਮ ਨੇ ਨੇਪਾਲ ’ਚ ਵਿਆਹ ਕਰਵਾ ਲਿਆ।