ਭਾਜਪਾ ਨੇ ਕੇਜਰੀਵਾਲ ਦੇ ਮੁਕਾਬਲੇ ਪਰਵੇਸ਼ ਵਰਮਾ ਉਤਾਰਿਆ

0
189

ਨਵੀਂ ਦਿੱਲੀ : ਭਾਜਪਾ ਨੇ ਦਿੱਲੀ ਅਸੈਂਬਲੀ ਚੋਣਾਂ ਲਈ ਨਵੀਂ ਦਿੱਲੀ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਖਿਲਾਫ ਸਾਬਕਾ ਸਾਂਸਦ ਪਰਵੇਸ਼ ਵਰਮਾ ਨੂੰ ਮੈਦਾਨ ਵਿਚ ਉਤਾਰਿਆ ਹੈ। ਇੱਕ ਹੋਰ ਸਾਬਕਾ ਸਾਂਸਦ ਰਮੇਸ਼ ਬਿਧੁੜੀ ਨੂੰ ਕਾਲਕਾਜੀ ਸੀਟ ਤੋਂ ਮੁੱਖ ਮੰਤਰੀ ਤੇ ‘ਆਪ’ ਉਮੀਦਵਾਰ ਆਤਿਸ਼ੀ ਖਿਲਾਫ ਟਿਕਟ ਦਿੱਤੀ ਹੈ। ਭਾਜਪਾ ਨੇ ਸਨਿੱਚਰਵਾਰ 29 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਪਾਰਟੀ ਨੇ ਕੌਮੀ ਅਹੁਦੇਦਾਰਾਂ ਦੁਸ਼ਯੰਤ ਕੁਮਾਰ ਗੌਤਮ ਤੇ ਆਸ਼ੀਸ਼ ਸੂਦ ਨੂੰ ਕ੍ਰਮਵਾਰ ਕਰੋਲ ਬਾਗ ਤੇ ਜਨਕਪੁਰੀ, ਅਰਵਿੰਦਰ ਸਿੰਘ ਲਵਲੀ ਨੂੰ ਗਾਂਧੀ ਨਗਰ ਤੇ ਸਾਬਕਾ ‘ਆਪ’ ਆਗੂ ਕੈਲਾਸ਼ ਗਹਿਲੋਤ ਨੂੰ ਬਿਜਵਾਸਨ ਤੋਂ ਉਮੀਦਵਾਰ ਬਣਾਇਆ ਹੈ। ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਸਤੀਸ਼ ਉਪਾਧਿਆਏ ਮਾਲਵੀਆ ਨਗਰ ਤੋਂ ਚੋਣ ਲੜਨਗੇ। ਸੂਚੀ ਵਿੱਚ ਪਿਛਲੀ ਵਾਰ ਲੜਨ ਵਾਲੇ 16 ਉਮੀਦਵਾਰਾਂ ਨੂੰ ਬਦਲਿਆ ਗਿਆ ਹੈ, ਜਦਕਿ 13 ਪਿਛਲੀ ਵਾਰ ਵੀ ਲੜੇ ਸਨ।