ਵੈਨਕੂਵਰ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫੇ ਦੇ ਐਲਾਨ ਤੋਂ ਬਾਅਦ ਲਿਬਰਲ ਪਾਰਟੀ ਦੇ ਕਈ ਸੀਨੀਅਰ ਆਗੂ ਪਾਰਟੀ ਲੀਡਰ ਬਣਨ ਦੀਆਂ ਗਿਣਤੀਆਂ-ਮਿਣਤੀਆਂ ’ਚ ਪੈ ਗਏ ਹਨ। ਇਨ੍ਹਾਂ ’ਚ ਸਾਬਕਾ ਰੱਖਿਆ ਮੰਤਰੀ ਤੇ ਓਕਵਿਲ ਤੋਂ ਐੱਮ ਪੀ ਅਨੀਤਾ ਆਨੰਦ (57), ਅਰਥਸ਼ਾਸਤਰੀ ਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ (59), ਮੌਜੂਦਾ ਵਿੱਤ ਮੰਤਰੀ ਡੌਮਿਨਿਕ ਲੇਬਲਾਂ, ਆਲਮੀ ਸੂਝਬੂਝ ਵਾਲੇ ਮੰਨੇ-ਪ੍ਰਮੰਨੇ ਵਕੀਲ ਫਰੈਂਕੋਜ਼ ਫਿਲਿਪਸ ਚੌਪੈਂਜ਼ੀ (54), ਟੀ ਵੀ ਹੋਸਟ ਤੋਂ ਸਿਆਸਤ ’ਚ ਆਈ ਤੇ ਦੋ ਵਾਰ ਬਿ੍ਰਟਿਸ਼ ਕੋਲੰਬੀਆ ਦੀ ਮੁੱਖ ਮੰਤਰੀ ਰਹੀ ਕਿ੍ਰਸਟੀ ਕਲਾਰਕ (59), ਪਿਛਲੇ ਮਹੀਨੇ ਵਜ਼ਾਰਤ ਤੋਂ ਅਸਤੀਫਾ ਦੇ ਕੇ ਟਰੂਡੋ ਵਿਰੁੱਧ ਬਗਾਵਤ ਦਾ ਬਿਗਲ ਵਜਾਉਣ ਵਾਲੇ ਸਿਆਨ ਫਰੇਜ਼ਰ (40), ਸਾਬਕਾ ਲਿਬਰਲ ਐਮ ਪੀ ਫ਼੍ਰੈਂਕ ਬੇਲਿਸ ਅਤੇ ਸਾਬਕਾ ਉੱਪ ਪ੍ਰਧਾਨ ਮੰਤਰੀ ਕਿ੍ਰਸਟੀਆ ਫ੍ਰੀਲੈਂਡ (59) ਪ੍ਰਮੁੱਖ ਹਨ।
ਦੂਜੇ ਪਾਸੇ ਤਿੰਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਚੋਣਾਂ ’ਚ ਹੁਣ ਬਹੁਤੀ ਦੇਰ ਨਹੀਂ, ਕਿਉਂਕਿ ਉਹ ਸੰਸਦੀ ਕਾਰਵਾਈ ਦੇ ਪਹਿਲੇ ਦਿਨ ਟਰੂਡੋ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪਾਸ ਕਰਕੇ ਚੋਣਾਂ ਦਾ ਰਾਹ ਖੋਲ੍ਹ ਦੇਣਗੇ।
ਹਾਲਾਂਕਿ ਪਾਰਲੀਮੈਂਟ 24 ਮਾਰਚ ਤੱਕ ਠੱਪ ਹੋਣ ਨਾਲ ਲਿਬਰਲਾਂ ਨੂੰ 2 ਮਹੀਨਿਆਂ ਦਾ ਸਮਾਂ ਮਿਲ ਗਿਆ ਹੈ, ਪਰ ਆਗਾਮੀ ਚੋਣਾਂ ਦੇ ਮੱਦੇਨਜ਼ਰ ਇਹ ਬਹੁਤ ਘੱਟ ਸਮਾਂ ਹੈ। ਉਧਰ, ਕਿਉਬਿਕ ਤੋਂ ਲਿਬਰਲ ਐੱਮ ਪੀ ਸੋਫੀ ਚੇਟਲ ਨੇ ਇੱਕ ਈਮੇਲ ’ਚ ਜ਼ਿਕਰ ਕੀਤਾ ਕਿ 1990 ਵਿੱਚ ਜੌਨ ਟਰਨਰ ਦੇ ਅਸਤੀਫੇ ਤੋਂ ਬਾਅਦ ਲਿਬਰਲਾਂ ਨੇ 98 ਦਿਨਾਂ ’ਚ ਪਾਰਟੀ ਕਨਵੈਨਸ਼ਨ ਵਿਉਂਤ ਲਈ ਸੀ। ਚੇਟਲ ਨੇ ਕਿਹਾ ਕਿ ਪਾਰਟੀ ਦਾ ਨੈਸ਼ਨਲ ਬੋਰਡ ਲੀਡਰਸ਼ਿਪ ਦੀ ਉਮੀਦਵਾਰੀ ਦੀਆਂ ਅਰਜ਼ੀਆਂ ਹਫਤਿਆਂ ਵਿੱਚ ਪ੍ਰਾਪਤ ਕਰਨ ਦੀ ਬਜਾਏ ਦਿਨਾਂ ’ਚ ਪ੍ਰਾਪਤ ਕਰਨ ਲਈ ਆਖ ਸਕਦਾ ਹੈ। ਉਨ੍ਹਾ ਕਿਹਾ ਕਿ ਉਮੀਦਵਾਰ ਲੰਬੇ ਪ੍ਰਚਾਰ ਟੂਰ ਦੀ ਬਜਾਏ ਡਿਬੇਟਾਂ ਅਤੇ ਵਰਚੁਅਲ ਸਮਾਗਮਾਂ ਰਾਹੀਂ ਮੈਂਬਰਾਂ ਨੂੰ ਸ਼ਾਮਲ ਕਰ ਸਕਦੇ ਹਨ। ਹੁਣ ਤੱਕ ਲਿਬਰਲ ਲੀਡਰ ਵਿਅਕਤੀਗਤ ਤੌਰ ’ਤੇ ਪਾਰਟੀ ਕਨਵੈਨਸ਼ਨ ਵਿੱਚ ਚੁਣੇ ਜਾਂਦੇ ਰਹੇ ਹਨ। ਚੇਟਲ ਨੇ ਵੋਟਾਂ ਵੀ ਇਲੈਕਟ੍ਰੋਨਿਕਲੀ ਪਾਉਣ ਦਾ ਸੁਝਾਅ ਦਿੱਤਾ ਹੈ, ਤਾਂ ਕਿ ਮੈਂਬਰ ਇਸ ਪ੍ਰਕਿਰਿਆ ਦੀ ਲੋਕਤੰਤਰੀ ਵਿਵਸਥਾ ਨੂੰ ਬਰਕਰਾਰ ਰੱਖਦਿਆਂ, ਕਿਤੋਂ ਮਰਜ਼ੀ ਵੋਟ ਪਾ ਸਕਣ।
ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ, ਜਿਨ੍ਹਾ ਨੂੰ ਟਰੂਡੋ ਦਾ ਸੰਭਾਵੀ ਬਦਲ ਮੰਨਿਆ ਜਾ ਰਿਹਾ ਹੈ, ਨੇ ਟਰੂਡੋ ਦੀ ਰਵਾਨਗੀ ਦੀ ਖਬਰ ’ਤੇ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੀਆਂ ਸ਼ੁੱਭ ਇੱਛਾਵਾਂ ਭੇਜੀਆਂ। ਕਾਰਨੀ ਨੇ ਐਕਸ ’ਤੇ ਲਿਖਿਆਧੰਨਵਾਦ ਪ੍ਰਧਾਨ ਮੰਤਰੀ, ਤੁਹਾਡੀ ਅਗਵਾਈ ਲਈ, ਕੈਨੇਡਾ ’ਚ ਤੁਹਾਡੇ ਬਹੁਤ ਸਾਰੇ ਯੋਗਦਾਨਾਂ ਲਈ ਅਤੇ ਤੁਹਾਡੇ ਤੇ ਤੁਹਾਡੇ ਪਰਵਾਰ ਵੱਲੋਂ ਜਨਤਕ ਸੇਵਾ ਲਈ ਕੀਤੀਆਂ ਕੁਰਬਾਨੀਆਂ ਲਈ। ਸਾਬਕਾ ਬੀ ਸੀ ਪ੍ਰੀਮੀਅਰ ਕਿ੍ਰਸਟੀ ਕਲਾਰਕ, ਜੋ ਕਿ ਲਿਬਰਲ ਲੀਡਰਸ਼ਿਪ ਦੀ ਦਾਅਵੇਦਾਰ ਹੋ ਸਕਦੀ ਹੈ, ਨੇ ਟਰੂਡੋ ਦੀ ਦੇਸ਼ ਸੇਵਾ ਲਈ ਉਨ੍ਹਾ ਦਾ ਸ਼ੁਕਰੀਆ ਕੀਤਾ ਅਤੇ ਟਰੂਡੋ ਪਰਵਾਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਕਿ੍ਰਸਟੀ ਨੇ ਕਿਹਾਜੀਵਨ ਭਰ ਲਈ ਲਿਬਰਲ ਹੋਣ ਦੇ ਨਾਤੇ ਮੈਂ ਆਪਣਾ ਅਗਲਾ ਲੀਡਰ ਚੁਣਨ ਲਈ ਹਜ਼ਾਰਾਂ ਕੈਨੇਡੀਅਨਾਂ ਨਾਲ ਜੁੜਨ ਦੀ ਉਮੀਦ ਰੱਖਦੀ ਹਾਂ।
ਐੱਨ ਡੀ ਪੀ ਲੀਡਰ ਜਗਮੀਤ ਸਿੰਘ ਦੇ ਬਿਆਨ ਵਿੱਚ ਟਰੂਡੋ ਦੀ ਤਾਰੀਫ ਨਜ਼ਰ ਨਹੀਂ ਆਈ। ਉਨ੍ਹਾ ਨੇ ਟਰੂਡੋ ਦੇ ਅਸਤੀਫੇ ਦੀ ਖਬਰ ਦਾ ਸਵਾਗਤ ਕੀਤਾ, ਪਰ ਕਿਹਾ ਕਿ ਟਰੂਡੋ ਨੇ ਉਨ੍ਹਾਂ ਕੈਨੇਡੀਅਨਜ਼ ਨੂੰ ਨਿਰਾਸ਼ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾ ਨੂੰ ਆਪਣੀ ਸੇਵਾ ਲਈ ਚੁਣਿਆ ਸੀ।
ਕੰਜ਼ਰਵੇਟਿਵ ਲੀਡਰ ਪੀਅਰ ਪੌਲੀਵਰ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ ਕਿ ਟਰੂਡੋ ਦੇ ਅਸਤੀਫੇ ਦੇ ਬਾਵਜੂਦ, ਕੁਝ ਨਹੀਂ ਬਦਲਿਆ ਅਤੇ ਹਰ ਲਿਬਰਲ ਐੱਮ ਪੀ ਅਤੇ ਲੀਡਰਸ਼ਿਪ ਦਾਅਵੇਦਾਰ ਨੇ ਆਪਣੇ ਕਾਰਜਕਾਲ ਦੌਰਾਨ ਅਹੁਦੇ ’ਤੇ ਰਹਿੰਦਿਆਂ ਟਰੂਡੋ ਦੇ ਹਰ ਕੰਮ ਦਾ ਸਮਰਥਨ ਕੀਤਾ ਹੈ। ਹੁਣ ਉਹ ਹੋਰ ਚਾਰ ਸਾਲਾਂ ਲਈ ਕੈਨੇਡੀਅਨਾਂ ਨੂੰ ਤੋੜਦੇ ਰਹਿਣ ਲਈ ਇੱਕ ਹੋਰ ਲਿਬਰਲ ਚਿਹਰੇ ’ਚ ਅਦਲਾ-ਬਦਲੀ ਕਰਕੇ ਵੋਟਰਾਂ ਨੂੰ ਭਰਮਾਉਣਾ ਚਾਹੁੰਦੇ ਹਨ। ਲਿਬਰਲਾਂ ਨੇ ਜੋ ਤੋੜਿਆ ਉਸ ਨੂੰ ਠੀਕ ਕਰਨ ਦਾ ਇੱਕੋ-ਇੱਕ ਤਰੀਕਾ ਕਾਰਬਨ ਟੈਕਸ ਹੈ। ਪੌਲੀਵਰ ਨੇ ਕੈਨੇਡੀਅਨਾਂ ਨੂੰ ਅਪੀਲ ਕੀਤੀ ਕਿ ਉਹ ਅਗਾਮੀ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਚੁਣਨ।
ਕੈਨੇਡੀਅਨ ਚੈਂਬਰ ਆਫ ਕਾਮਰਸ ਦੀ ਸੀ ਈ ਓ, ਕੈਂਡੇਸ ਲੇਇੰਗ ਨੇ ਕਿਹਾ ਕਿ ਟਰੂਡੋ ਨੇ ਸਥਿਤੀ ਨੂੰ ਪਰਖਦਿਆਂ ਅਸਤੀਫਾ ਦੇ ਕੇ ਸਹੀ ਨਿਰਣਾ ਲਿਆ ਹੈ। ਟਰੂਡੋ ਦੀ ਸੇਵਾ ਲਈ ਧੰਨਵਾਦ ਕਰਦਿਆਂ ਲੇਇੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਸਤੀਫਾ ਇੱਕ ਅਹਿਮ ਮੋੜ ਦੀ ਨਿਸ਼ਾਨਦੇਹੀ ਕਰਦਾ ਹੈ ਕਿਉਂਕਿ ਇਹ ਉਹ ਸਮਾਂ ਹੈ ਜਦੋਂ ਕੈਨੇਡਾ ਘਰੇਲੂ ਅਤੇ ਕੌਮਾਂਤਰੀ ਚੁਣੌਤੀਆਂ ਨਾਲ ਨਜਿੱਠ ਰਿਹਾ ਹੈ। ਬਿਜ਼ਨਸ ਕੌਂਸਲ ਆਫ ਕੈਨੇਡਾ ਦੇ ਸੀ ਈ ਓ, ਗੋਲਡੀ ਹਾਈਡਰ ਨੇ ਟਰੂਡੋ ਦੇ 9 ਸਾਲਾਂ ਦੇ ਕਾਰਜਕਾਲ ਲਈ ਉਨ੍ਹਾ ਦਾ ਧੰਨਵਾਦ ਕੀਤਾ।
ਉੱਤਰਾਧਿਕਾਰੀ ਚੁਣੇ ਜਾਣ ਮਗਰੋਂ ਟਰੂਡੋ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਜਸਟਿਨ ਟਰੂਡੋ 2013 ਵਿੱਚ ਲਿਬਰਲ ਆਗੂ ਬਣੇ ਸਨ ਅਤੇ 2015 ’ਚ ਉਨ੍ਹਾ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ।





