ਇਸਲਾਮਾਬਾਦ : ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਪਾਕਿਸਤਾਨ ਦੀ ਵਿੱਤੀ ਸਥਿਤੀ ਸੁਧਰਨ ਦਾ ਨਾਂਅ ਨਹੀਂ ਲੈ ਰਹੀ। ਪਾਕਿਸਤਾਨ ਸਰਕਾਰ ਨੇ ਆਈ ਐੱਮ ਐੱਫ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਤੋਂ ਵੱਡਾ ਕਰਜ਼ ਲਿਆ ਹੈ। ਹੁਣ ਇਨ੍ਹਾਂ ਦੇਸ਼ਾਂ ਦੇ ਦਬਾਅ ’ਚ ਸਰਕਾਰ ਨੇ ਖਰਚ ਵਿੱਚ ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਲਗਾਤਾਰ ਬਦਤਰ ਹੁੰਦੇ ਹਾਲਾਤ ਨਾਲ ਨਜਿੱਠਣ ਲਈ ਪਾਕਿਸਤਾਨ ਸਰਕਾਰ ਨੇ ਹੁਣ ਇੱਕੋ ਝਟਕੇ ਨਾਲ 1.5 ਲੱਖ ਨੌਕਰੀਆਂ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਐਲਾਨ ਕੀਤਾ ਕਿ ਸਰਕਾਰ ਨੇ ਲਾਗਤ ਵਿੱਚ ਕਟੌਤੀ, ਪੈਸਾ ਬਚਾਉਣ ਲਈ 1.5 ਲੱਖ ਨੌਕਰੀਆਂ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾ ਦੱਸਿਆ ਕਿ ਸਰਕਾਰ ਸੰਬੰਧਤ ਏਜੰਸੀਆਂ ਦੀ ਗਿਣਤੀ ’ਚ ਵੀ ਕਟੌਤੀ ਕਰੇਗੀ।
ਪ੍ਰੈੱਸ ਕਾਨਫਰੰਸ ’ਚ ਔਰੰਗਜ਼ੇਬ ਨੇ ਕਿਹਾ ਕਿ ਅਸੀਂ ਸੰਘੀ ਸਰਕਾਰ ਦੇ ਆਕਾਰ ਨੂੰ ਲੜੀਵਾਰ ਤਰੀਕੇ ਨਾਲ ਘੱਟ ਕਰ ਰਹੇ ਹਾਂ। ਹੁਣ ਤੱਕ 80 ਵਿਭਾਗਾਂ ਨੂੰ 40 ’ਚ ਰਲਾਇਆ ਹੈ। ਉਨ੍ਹਾ ਕਿਹਾ ਕਿ ਸਰਕਾਰ ਦਾ ਇਰਾਦਾ ਜੂਨ 2025 ਤੱਕ ਇਨ੍ਹਾਂ ਸੁਧਾਰਾਂ ਨੂੰ ਪੂਰਾ ਕਰਨ ਦਾ ਹੈ। ਉਨ੍ਹਾ ਕਿਹਾ ਕਿ 60 ਫੀਸਦੀ ਖਾਲੀ ਅਹੁਦਿਆਂ ਨੂੰ ਖ਼ਤਮ ਕਰ ਦਿੱਤਾ ਗਿਆ, ਜੋ ਕਰੀਬ 1.5 ਲੱਖ ਸਰਕਾਰੀ ਨੌਕਰੀਆਂ ਦੇ ਬਰਾਬਰ ਹਨ। ਉਧਰ ਪਾਕਿਸਤਾਨ ’ਚ ਇੱਕ ਹੈਰਾਨੀਜਨਕ ਘਟਨਾਕ੍ਰਮ ’ਚ ਨੈਸ਼ਨਲ ਅਸੰਬਲੀ ਦੀ ਇੱਕ ਕਮੇਟੀ ਨੂੰ ਸੂਚਿਤ ਕੀਤਾ ਹੈ ਕਿ ਦੇਸ਼ ਦੇ 22000 ਤੋਂ ਵੱਧ ਨੌਕਰਸ਼ਾਹਾਂ ਕੋਲ ਦੋਹਰੀ ਨਾਗਰਿਕਤਾ ਹੈ, ਜਿਸ ਨਾਲ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।



