12.2 C
Jalandhar
Sunday, January 5, 2025
spot_img

ਹਨੀ ਟਰੈਪ ਦਾ ਸ਼ਿਕਾਰ ਵਿਦਿਆਰਥੀ ਬਰਾਮਦ, ਕੁੜੀ ਸਣੇ 3 ਗਿ੍ਫਤਾਰ

ਮੁਹਾਲੀ (ਗੁਰਜੀਤ ਬਿੱਲਾ)-ਪੰਜਾਬ ਪੁਲਸ ਨੇ ਸ਼ੁੱਕਰਵਾਰ ਤਿੰਨ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਕੇ ਖਰੜ ਦੇ ਇਕ ਨੌਜਵਾਨ, ਜਿਸ ਨੂੰ ਹਨੀ ਟਰੈਪ ਕਰਕੇ ਅਗਵਾ ਕਰ ਲਿਆ ਸੀ, ਦੇ ਮਾਮਲੇ ਨੂੰ ਮਹਿਜ਼ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਲਿਆ ਹੈ |
ਡੀ ਆਈ ਜੀ ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਬੀ ਈ ਦੇ ਵਿਦਿਆਰਥੀ, ਜਿਸ ਦੀ ਪਛਾਣ ਹਿਤੇਸ਼ ਭੂਮਲਾ ਵਜੋਂ ਹੋਈ ਹੈ, ਨੂੰ ਬਾ-ਹਿਫ਼ਾਜ਼ਤ ਬਚਾ ਲਿਆ ਹੈ | ਉਕਤ ਵਿਦਿਆਰਥੀ ਨੂੰ ਖਰੜ ਦੇ ਰਣਜੀਤ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਰੱਖਿਆ ਗਿਆ ਸੀ | ਅਗਵਾਕਾਰਾਂ ਵੱਲੋਂ ਲੜਕੇ ਦੇ ਮਾਪਿਆਂ ਤੋਂ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ | ਗਿ੍ਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਜੈ ਕਾਦਿਆਨ (25) ਵਾਸੀ ਪਿੰਡ ਜੱਟਲ, ਪਾਣੀਪਤ, (ਹਰਿਆਣਾ), ਅਜੈ (22) ਵਾਸੀ ਪਿੰਡ ਆਬੂਦ, ਸਿਰਸਾ (ਹਰਿਆਣਾ) ਅਤੇ ਰਾਖੀ ਵਾਸੀ ਪਿੰਡ ਬਰੋਲੀ, ਸੋਨੀਪਤ, (ਹਰਿਆਣਾ) ਵਜੋਂ ਹੋਈ ਹੈ | ਪੁਲਸ ਨੇ ਇਨ੍ਹਾਂ ਦੋਸ਼ੀਆਂ ਕੋਲੋਂ ਇੱਕ ਹੌਂਡਾ ਸਿਟੀ ਕਾਰ, ਪੰਜ ਮੋਬਾਇਲ ਫੋਨ ਅਤੇ ਇੱਕ .32 ਬੋਰ ਦਾ ਪਿਸਤੌਲ ਸਮੇਤ 9 ਕਾਰਤੂਸ ਵੀ ਬਰਾਮਦ ਕੀਤੇ ਹਨ | ਡੀ ਆਈ ਜੀ.ਨੇ ਕਿਹਾ ਕਿ ਪੁਲਸ ਨੂੰ ਹਿਤੇਸ਼ ਦੇ ਮਾਪਿਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦਾ ਪੁੱਤਰ ਲਾਪਤਾ ਹੋ ਗਿਆ ਹੈ ਅਤੇ ਅਗਵਾਕਾਰ ਉਨ੍ਹਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਹੇ ਹਨ | ਪੁਲਸ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਥਾਣਾ ਸਦਰ ਖਰੜ ਵਿਖੇ ਆਈ ਪੀ ਸੀ ਦੀ ਧਾਰਾ 364-ਏ ਅਤੇ 365 ਦੇ ਤਹਿਤ ਐੱਫ ਆਈ ਆਰ ਦਰਜ ਕਰ ਕੇ ਤੁਰੰਤ ਪੁਲਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਅਤੇ ਖੁਫੀਆ ਏਜੰਸੀ ਦੀ ਮਦਦ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ |
ਉਨ੍ਹਾ ਦੱਸਿਆ ਕਿ ਡੀ ਐੱਸ ਪੀ ਗੁਰਸ਼ੇਰ ਸਿੰਘ ਇੰਚਾਰਜ ਸੀ ਆਈ ਏ, ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਿੱਚ ਸੀ ਆਈ ਏ ਕੁਰੂਕਸ਼ੇਤਰ ਦੀਆਂ ਟੀਮਾਂ ਵੱਲੋਂ ਸ਼ੁੱਕਰਵਾਰ ਤੜਕੇ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਕੇ ਪੀੜਤ ਨੂੰ ਬਾ-ਹਿਫਾਜ਼ਤ ਬਚਾ ਲਿਆ ਗਿਆ | ਉਨ੍ਹਾ ਕਿਹਾ ਕਿ ਜ਼ਿਲਾ ਪੁਲਸ ਅੰਬਾਲਾ, ਹਰਿਦੁਆਰ ਅਤੇ ਗਾਜ਼ੀਆਬਾਦ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਪੂਰੀ ਮੁਸਤੈਦੀ ਨਾਲ ਕਾਰਜਸ਼ੀਲ ਸੀ | ਮੋਹਾਲੀ ਦੇ ਐੱਸ ਐੱਸ ਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੜਕੀ ਰਾਖੀ ਨੇ ਸੋਸ਼ਲ ਮੀਡੀਆ ‘ਤੇ ਫਰਜ਼ੀ ਪ੍ਰੋਫਾਈਲ ਬਣਾ ਕੇ ਉਸ ਨਾਲ ਇੰਸਟਾਗ੍ਰਾਮ ਅਤੇ ਫੇਸਬੁਕ ‘ਤੇ ਦੋਸਤੀ ਕਰਨ ਤੋਂ ਬਾਅਦ ਉਸ ਨੂੰ ਮਿਲਣ ਦਾ ਲਾਲਚ ਦਿੱਤਾ | ਮਿਲਣ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੀੜਤ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਛੱਡਣ ਲਈ ਉਸ ਦੇ ਮਾਪਿਆਂ ਤੋਂ ਫਿਰੌਤੀ ਦੀ ਮੰਗ ਕੀਤੀ | ਉਨ੍ਹਾ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ |

Related Articles

LEAVE A REPLY

Please enter your comment!
Please enter your name here

Latest Articles