ਮਰੀ ਕੁੜੀ ਕੁੱਲੂ ਦੇ ਹੋਟਲ ’ਚ ਛੱਡ ਕੇ ਭੱਜੇ ਪੰਜਾਬ ਦੇ ਦੋ ਨੌਜਵਾਨਾਂ ਦੀ ਭਾਲ

0
169

ਕੁੱਲੂ : ਹਿਮਾਚਲ ਪੁਲਸ ਨੇ ਪੰਜਾਬ ਦੇ ਦੋ ਨੌਜਵਾਨਾਂ ਖਿਲਾਫ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ, ਜਿਹੜੇ ਕੁੱਲੂ ਦੇ ਕਸੌਲ ਦੇ ਇੱਕ ਹੋਟਲ ’ਚ ਸਨਿੱਚਰਵਾਰ ਦੇਰ ਰਾਤ 23 ਸਾਲਾ ਕੁੜੀ ਦੀ ਲਾਸ਼ ਛੱਡ ਕੇ ਫਰਾਰ ਹੋ ਗਏ। ਜ਼ਿਲ੍ਹਾ ਬਠਿੰਡਾ ਦਾ ਅਕਾਸ਼ਦੀਪ ਸਿੰਘ ਆਪਣੇ ਦੋਸਤ ਅਤੇ ਇੱਕ ਕੁੜੀ ਨਾਲ 10 ਜਨਵਰੀ ਤੋਂ ਹੋਟਲ ’ਚ ਰੁਕਿਆ ਹੋਇਆ ਸੀ। ਹੋਟਲ ਦੀ ਮਹਿਲਾ ਕਰਮੀ ਅਤੇ ਦੋ ਸਟਾਫ ਮੈਂਬਰਾਂ ਨੇ ਰਾਤ 12:30 ਵਜੇ ਦੇ ਕਰੀਬ ਦੋਹਾਂ ਨੌਜਵਾਨਾਂ ਨੂੰ ਪੌੜੀਆਂ ਰਾਹੀਂ ਥੱਲੇ ਆਉਂਦੇ ਦੇਖਿਆ। ਇੱਕ ਨੇ ਕੁੜੀ ਨੂੰ ਸਿਰ ਤੋਂ ਅਤੇ ਦੂਜੇ ਨੇ ਪੈਰਾਂ ਤੋਂ ਚੁੱਕਿਆ ਹੋਇਆ ਸੀ। ਹੋਟਲ ਸਟਾਫ ਨੇ ਮਾਮਲਾ ਸ਼ੱਕੀ ਜਾਪਣ ’ਤੇ ਉਨ੍ਹਾਂ ਤੋਂ ਕੁੜੀ ਬਾਰੇ ਪੁੱਛ-ਪੜਤਾਲ ਕੀਤੀ। ਨੌਜਵਾਨਾਂ ਨੇ ਦਾਅਵਾ ਕੀਤਾ ਕਿ ਕੁੜੀ ਵੱਧ ਸ਼ਰਾਬ ਪੀਣ ਕਾਰਨ ਬਾਥਰੂਮ ’ਚ ਡਿੱਗ ਕੇ ਬੇਹੋਸ਼ ਹੋ ਗਈ ਹੈ ਅਤੇ ਉਹ ਉਸ ਨੂੰ ਹਸਪਤਾਲ ਲਿਜਾ ਰਹੇ ਹਨ।
ਨੌਜਵਾਨਾਂ ਨੇ ਹੋਟਲ ਸਟਾਫ ਤੋਂ ਹਸਪਤਾਲ ਦਾ ਰਾਹ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਹੋਟਲ ਮੈਨੇਜਰ ਨਾਲ ਗੱਲ ਕਰਕੇ ਸਟਾਫ ਨੂੰ ਉਨ੍ਹਾਂ ਦੇ ਨਾਲ ਹਸਪਤਾਲ ਭੇਜਣਗੇ। ਇਹ ਸੁਣਦਿਆਂ ਹੀ ਨੌਜਵਾਨ ਕੁੜੀ ਦੀ ਲਾਸ਼ ਫਰਸ਼ ’ਤੇ ਰੱਖ ਕੇ ਆਪਣੀ ਸਕਾਰਪੀਓ ’ਚ ਫਰਾਰ ਹੋ ਗਏ। ਜਦੋਂ ਹੋਟਲ ਸਟਾਫ ਨੇ ਕੁੜੀ ਦੀ ਜਾਂਚ-ਪੜਤਾਲ ਕੀਤੀ ਤਾਂ ਉਸ ਦਾ ਸਰੀਰ ਠੰਢਾ ਪੈ ਚੁੱਕਿਆ ਸੀ। ਪੁਲਸ ਨੂੰ ਮੌਕੇ ’ਤੇ ਸੱਦ ਕੇ ਕੁੜੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਕਰਾਰ ਦਿੱਤਾ। ਕੁੜੀ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਕੁੱਲੂ ਦੇ ਏ ਐੱਸ ਪੀ ਸੰਜੀਵ ਚੌਹਾਨ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਨਾਕੇਬੰਦੀਆਂ ਕਰ ਦਿੱਤੀਆਂ ਗਈਆਂ ਹਨ। ਪੁਲਸ ਮਿ੍ਰਤਕ ਕੁੜੀ ਦੇ ਪਿਛੋਕੜ ਦਾ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ।