ਕੈਨੇਡਾ ’ਚ ਫਿਰੌਤੀ ਲਈ ਗੋਲੀਬਾਰੀ ਕਰਨ ਵਾਲੇ 7 ਪੰਜਾਬੀ ਮੁੰਡੇ ਗਿ੍ਰਫਤਾਰ

0
248

ਵੈਨਕੂਵਰ : ਓਂਟਾਰੀਓ ਦੀ ਪੀਲ ਪੁਲਸ ਨੇ ਪੈਸੇ ਬਟੋਰਨ ਲਈ ਬਰੈਂਪਟਨ ਦੇ ਇੱਕ ਘਰ ’ਤੇ ਦੋ ਵਾਰ ਗੋਲੀਬਾਰੀ ਕਰਨ ਦੇ ਮਾਮਲੇ ਵਿਚ 7 ਪੰਜਾਬੀ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਹੈ। ਇਨ੍ਹਾਂ ’ਚੋਂ ਤਿੰਨਾਂ ਮਨਪ੍ਰੀਤ ਸਿੰਘ (27), ਦਿਲਪ੍ਰੀਤ ਸਿੰਘ (23) ਤੇ ਹਰਸ਼ਦੀਪ ਸਿੰਘ (23) ’ਤੇ ਦੋਸ਼ ਹਨ ਕਿ ਉਨ੍ਹਾਂ ਨੇ ਲੰਘੀ 30 ਨਵੰਬਰ ਨੂੰ ਰਾਤ 2 ਵਜੇ ਮੌਂਟਿਨਬੈਰੀ ਰੋਡ ਉੱਤੇ ਮੌਂਟੈਨਿਸ਼ ਰੋਡ ਕੋਲ ਇੱਕ ਵਪਾਰੀ ਦੀ ਰਿਹਾਇਸ਼ ’ਤੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ।
ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਉਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਰਿਹਾਇਸ਼ ਦੀ ਤਲਾਸ਼ੀ ਦੌਰਾਨ ਉੱਥੋਂ ਬੰਦੂਕ ਤੇ ਗੋਲੀ ਸਿੱਕਾ ਮਿਲਿਆ, ਪਰ ਮੁਲਜ਼ਮ ਉੱਥੋਂ ਫਰਾਰ ਹੋ ਚੁੱਕੇ ਸਨ। ਉਸੇ ਘਰ ਉਤੇ 2 ਜਨਵਰੀ ਦੀ ਰਾਤ ਨੂੰ ਫਿਰ ਗੋਲੀਬਾਰੀ ਕੀਤੀ ਗਈ। ਦੋਨੋਂ ਵਾਰ ਹੋਈ ਗੋਲੀਬਾਰੀ ’ਚ ਘਰ ਦੇ ਮੈਂਬਰ ਸੁਰੱਖਿਅਤ ਰਹੇ, ਪਰ ਉਨ੍ਹਾਂ ਦੇ ਮਨਾਂ ’ਚ ਦਹਿਸ਼ਤ ਪੈਦਾ ਹੋ ਗਈ। ਦੂਜੀ ਗੋਲੀਬਾਰੀ ਪਹਿਲੇ ਸ਼ੱਕੀਆਂ ਦੇ ਜਾਣਕਾਰਾਂ ਵਲੋਂ ਕੀਤੇ ਹੋਣ ਦਾ ਸਬੂਤ ਕੈਮਰਿਆਂ ’ਚੋਂ ਮਿਲਣ ’ਤੇ ਇਹ ਸਾਫ ਹੋ ਗਿਆ ਕਿ ਉਹ ਇੱਕੋ ਗਰੋਹ ਦੇ ਮੈਂਬਰ ਹਨ। ਪੁਲਸ ਨੇ ਅਦਾਲਤ ਤੋਂ ਤਲਾਸ਼ੀ ਵਰੰਟ ਲੈ ਕੇ ਜਦ ਦੂਜੇ ਹਮਲਾਵਰਾਂ ਦੀ ਰਿਹਾਇਸ਼ ਦੀ ਛਾਣਬੀਣ ਕੀਤੀ ਤਾਂ ਉਥੋਂ ਵੀ ਅਸਲਾ ਤੇ ਗੋਲਾ ਬਾਰੂਦ ਮਿਲ ਗਿਆ। ਪੁਲਸ ਨੇ ਹੋਰ ਸਬੂਤ ਇਕੱਤਰ ਕਰਕੇ ਉਸ ਘਟਨਾ ਦੇ ਸ਼ੱਕੀ ਮੁਲਜ਼ਮਾਂ ਧਰਮਪ੍ਰੀਤ ਸਿੰਘ (25), ਮਨਪ੍ਰਤਾਪ ਸਿੰਘ (27), ਆਤਮਜੀਤ ਸਿੰਘ (30) ਤੇ ਅਰਵਿੰਦਰਪਾਲ ਸਿੰਘ (21) ਨੂੰ ਵੀ ਗਿ੍ਰਫਤਾਰ ਕਰ ਲਿਆ ਹੈ। ਸਾਰਿਆਂ ਨੂੰ ਅਗਲੀ ਕਾਰਵਾਈ ਲਈ ਅਦਾਲਤ ’ਚ ਪੇਸ਼ ਕੀਤਾ ਜਾਏਗਾ। ਇਨ੍ਹਾਂ ’ਚੋਂ ਚਾਰ ਤਾਂ ਪਹਿਲਾਂ ਵੀ ਅਜਿਹੀਆਂ ਕਾਰਵਾਈਆਂ ’ਚ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਸਨ, ਜਿਸ ਕਾਰਨ ਉਨ੍ਹਾਂ ਖਿਲਾਫ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਦਾ ਜੁਰਮ ਵੀ ਜੁੜ ਗਿਆ ਹੈ। ਪਤਾ ਲੱਗਾ ਹੈ ਕਿ ਜਿਸ ਘਰ ’ਤੇ ਦੋ ਵਾਰ ਗੋਲੀਬਾਰੀ ਹੋਈ, ਉਹ ਭਾਰਤੀ ਮੂਲ ਦੇ ਵਪਾਰੀ ਦਾ ਹੈ ਤੇ ਉਸ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ, ਪਰ ਉਸ ਨੇ ਇਸ ਦੀ ਪ੍ਰਵਾਹ ਨਾ ਕੀਤੀ। ਸਮਝਿਆ ਜਾਂਦਾ ਹੈ ਕਿ ਗੋਲੀਬਾਰੀ ਉਸ ਨੂੰ ਡਰਾਉਣ ਲਈ ਕੀਤੀ ਜਾਂਦੀ ਸੀ ਤਾਂ ਕਿ ਉਹ ਫਿਰੌਤੀ ਦੀ ਰਕਮ ਦੇਣ ਲਈ ਤਿਆਰ ਹੋ ਜਾਏ।