ਸਮਾਜ ਦੀ ਬਿਹਤਰੀ ਲਈ ਚਿੰਤਨ, ਚੇਤਨਤਾ ਤੇ ਸੰਘਰਸ਼ ਦੀ ਲੋੜ : ਗੋਰੀਆ

0
9

ਜਲੰਧਰ (ਗਿਆਨ ਸੈਦਪੁਰੀ)
‘ਭਾਜਪਾ ਸਰਕਾਰ ਜਨਤਕ ਖੇਤਰ ਵਿੱਚ ਵੱਡੇ ਪੱਧਰ ‘ਤੇ ਨਿੱਜੀਕਰਨ ਕਰ ਰਹੀ ਹੈ। ਇਸ ਵਰਤਾਰੇ ਦੇ ਚੱਲਦਿਆਂ ਦਲਿਤ ਤੇ ਹੋਰ ਕਮਜ਼ੋਰ ਵਰਗਾਂ ‘ਤੇ ਰੋਜ਼ਗਾਰ ਦੇ ਨਾਲ-ਨਾਲ ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲਣ ‘ਤੇ ਮਾੜਾ ਅਸਰ ਪਿਆ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਕੀਤਾ। ਉਹ ਹਰਿਆਣਾ ਸੂਬੇ ਦੇ ਨਰਵਾਣਾ ਕਸਬੇ ਵਿੱਚ ਡਾਕਟਰ ਅੰਬੇਡਕਰ ਭਵਨ ਵਿਖੇ ਦਲਿਤ ਅਧਿਕਾਰ ਅੰਦੋਲਨ ਦੇ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਸਾਨੂੰ ਸਮਾਜ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਚੇਤਨ ਹੋਣ ਤੇ ਚਿੰਤਨ ਕਰਨ ਦੇ ਨਾਲ-ਨਾਲ ਸੰਘਰਸ਼ ਦੇ ਮੈਦਾਨ ਵਿੱਚ ਅੱਗੇ ਵਧਣਾ ਹੋਵੇਗਾ।
ਇਸ ਤੋਂ ਪਹਿਲਾਂ ਸਮਾਗਮ ਦਾ ਉਦਘਾਟਨ ਪ੍ਰਸਿੱਧ ਸਿੱਖਿਆ ਸ਼ਾਸਤਰੀ ਤੇ ਦਲਿਤ ਅਧਿਕਾਰ ਅੰਦੋਲਨ ਦੇ ਕੌਮੀ ਮੀਤ ਪ੍ਰਧਾਨ ਪ੍ਰੋਫੈਸਰ ਰਾਮ ਬਹਿਤੀ (ਮਹਾਂਰਾਸ਼ਟਰ) ਨੇ ਕੀਤਾ। ਉਨ੍ਹਾ ਇਸ ਮੌਕੇ ਕਿਹਾ ਕਿ ਸੰਵਿਧਾਨ ਵਿੱਚ ਮਿਲੇ ਅਧਿਕਾਰਾਂ ਤੋਂ ਦਲਿਤ ਵਰਗ ਨੂੰ ਜਾਣੂ ਕਰਵਾਉਣ ਲਈ ਚੇਤਨਾ ਦਾ ਛੱਟਾ ਦੇਣਾ ਜ਼ਰੂਰੀ ਹੈ। ਉਨ੍ਹਾ ਦਲਿਤ ਵਰਗ ਨੂੰ ਦਰਪੇਸ਼ ਮੁਸ਼ਕਲਾਂ ਦਾ ਵਿਸਥਾਰ ਨਾਲ ਵਰਣਨ ਕੀਤਾ।
ਏਟਕ ਦੇ ਸੂਬਾ ਜਨਰਲ ਸਕੱਤਰ ਅਨਿਲ ਪਵਾਰ ਨੇ ‘ਹਰਿਆਣਾ ਵਿੱਚ ਦਲਿਤ ਸਮਾਜ ਦੀ ਸਥਿਤੀ ਤੇ ਚੁਣੌਤੀਆਂ’ ਵਿਸ਼ੇ ‘ਤੇ ਪੇਪਰ ਪੇਸ਼ ਕੀਤਾ। ਉਨ੍ਹਾ ਕਿਹਾ ਕਿ ਦਲਿਤ ਸਮਾਜ ਦੀ ਆਰਥਿਕ ਅਤੇ ਸਮਾਜਿਕ ਹਾਲਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਨਿੱਜੀਕਰਨ ਦੇ ਦੌਰ ਵਿੱਚ ਰੋਜ਼ਗਾਰ ਦੇ ਮੌਕੇ ਖਤਮ ਹੁੰਦੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਸਰਕਾਰੀ ਵਿਭਾਗਾਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ। ਦਲਿਤ ਵਿਦਿਆਰਥੀਆਂ ਨੂੰ ਸਮੇਂ ਸਿਰ ਸਕਾਲਰਸ਼ਿੱਪ ਨਹੀਂ ਮਿਲ ਰਹੀ। ਸਮਾਜਿਕ ਅੱਤਿਆਚਾਰਾਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਸ਼ਾਸਨ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਵਰਤਾਰੇ ਤੋਂ ਅੱਗੇ ਨਹੀਂ ਵਧਦਾ।
ਪੇਸ਼ ਕੀਤੇ ਗਏ ਪੇਪਰ ‘ਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਰਿਆਓ ਸਿੰਘ ਕਸ਼ਯਪ, ਮਨੀ ਰਾਮ ਬੇਲਰੱਖਾ, ਸਰਪੰਚ ਰਾਮਬੀਰ, ਸਾਬਕਾ ਬਲਾਕ ਸੰਮਤੀ ਮੈਂਬਰ ਸੁਭਾਸ਼ ਚੰਦ ਭਾਨਖੜ, ਸੇਵਾ ਮੁਕਤ ਪੁਲਸ ਇੰਸਪੈਕਟਰ ਕਰਣ ਸਿੰਘ ਚਾਹਲੀਆ, ਫੂਲ ਸਿੰਘ ਇੰਦੌਰਾ, ਸੁਰਜੀਤ, ਰਾਮਫਲ ਸੇਲਵਾਲ, ਜੋਗਿੰਦਰ ਸਿੰਘ, ਅਸ਼ੋਕ ਛਾਬਲਾ, ਡਾ. ਜ਼ਿਲ੍ਹੇ ਸਿੰਘ, ਸਾਹਿਲ, ਸ਼ਿਵ ਕੁਮਾਰ, ਸੋਮ ਦੱਤ, ਪਵਨ ਕੁਮਾਰ, ਸਤਿਬੀਰ ਸਿੰਘ ਆਦਿ ਨੇ ਆਪਣੇ ਵਿਚਾਰ ਰੱਖੇ।
ਸਮਾਗਮ ਦੀ ਪ੍ਰਧਾਨਗੀ ਭੀਮ ਸਿੰਘ ਨੇ ਕੀਤੀ। ਸਟੇਜ ਸਕੱਤਰ ਦੇ ਫਰਜ਼ ਮੰਡੀ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਸੱਤਪਾਲ ਸਰੋਵਾ ਨੇ ਨਿਭਾਏ।
ਵਿਚਾਰ ਚਰਚਾ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਦਲਿਤ ਅਧਿਕਾਰ ਅੰਦੋਲਨ ਦੀ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇਗੀ। 30 ਨਵੰਬਰ ਤੱਕ ਵਰਕਰਾਂ ਦੇ ਜ਼ਿਲ੍ਹਾ ਪੱਧਰੀ ਸਮਾਗਮ ਕੀਤੇ ਜਾਣਗੇ। ਇੱਕ ਮੰਗ ਪੱਤਰ ਸਰਕਾਰ ਨੂੰ ਭੇਜਣ ਦਾ ਵੀ ਫੈਸਲਾ ਕੀਤਾ ਗਿਆ।
ਸਮਾਗਮ ਵਿੱਚ ਜੀਂਦ, ਕਰਨਾਲ, ਪਾਣੀਪਤ, ਹਿਸਾਰ, ਫਤਿਆਬਾਦ, ਸੋਨੀਪਤ, ਭਿਵਾਨੀ, ਗੁਰੂਗ੍ਰਾਮ ਆਦਿ ਤੋਂ ਸੈਂਕੜੇ ਵਰਕਰ ਸ਼ਾਮਲ ਹੋਏ।