ਸੈਫ਼ ’ਤੇ ਹਮਲੇ ਦੇ ਮਾਮਲੇ ’ਚ ਇੱਕ ਹਿਰਾਸਤ ’ਚ

0
152

ਮੁੰਬਈ : ਮੁੰਬਈ ਪੁਲਸ ਨੇ ਸੈਫ਼ ਅਲੀ ਖਾਨ ’ਤੇ ਹਮਲੇ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ ਹੈ। ਇਸ ਤੋਂ ਪਹਿਲਾਂ ਮੁੰਬਈ ਪੁਲਸ ਨੇ ਕਿਹਾ ਕਿ ਉਸ ਨੇ ਸੈਫ਼ ਦੀ ਪਿੱਠ ਵਿੱਚੋਂ ਕੱਢਿਆ ਗਿਆ ਚਾਕੂ ਦਾ ਹਿੱਸਾ ਕਬਜ਼ੇ ’ਚ ਲਿਆ ਹੈ, ਇਸ ਦੇ ਬਾਕੀ ਹਿੱਸੇ ਨੂੰ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ। ਪੁਲਸ ਨੇ ਇਹ ਵੀ ਕਿਹਾ ਕਿ ਹਮਲੇ ’ਚ ਸ਼ਾਮਲ ਵਿਅਕਤੀ ਨੂੰ ਆਖਰੀ ਵਾਰ ਬਾਂਦਰਾ ਪੁਲਸ ਥਾਣੇ ਨੇੜੇ ਦੇਖਿਆ ਗਿਆ ਸੀ ਅਤੇ ਉਸ ਨੂੰ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ। ਪੁਲਸ ਨੂੰ ਸ਼ੱਕ ਹੈ ਕਿ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਸਵੇਰੇ ਪਹਿਲੀ ਲੋਕਲ ਰੇਲ ਗੱਡੀ ਫੜ ਕੇ ਵਸਾਈ ਵਿਹਾਰ ਵੱਲ ਗਿਆ ਹੋਵੇਗਾ। ਸੈਫ਼ ਅਲੀ ਖਾਨ ਦਾ ਮੁੰਬਈ ਦੇ ਲੀਲਾਵਤੀ ਹਸਪਤਾਲ ’ਚ ਇਲਾਜ ਕਰ ਰਹੇ ਡਾਕਟਰਾਂ ਨੇ ਸ਼ੁੱਕਰਵਾਰ ਕਿਹਾ ਕਿ ਉਸ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ। ਸੈਫ਼ (54) ’ਤੇ ਵੀਰਵਾਰ ਵੱਡੇ ਤੜਕੇ ਉਸ ਦੇ ਬਾਂਦਰਾ ਸਥਿਤ ਘਰ ’ਚ ਦਾਖਲ ਹੋ ਕੇ ਇਕ ਹਮਲਾਵਰ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਉਸ ਨੇ ਸੈਫ਼ ਅਲੀ ਖਾਨ ਦੀ ਗਰਦਨ ਸਣੇ ਛੇ ਜਗ੍ਹਾ ਵਾਰ ਕੀਤੇ। ਡਾ. ਨੀਰਜ ਉੱਤਮਨੀ ਨੇ ਕਿਹਾ ਕਿ ਸੈਫ਼ ਅਲੀ ਖਾਨ ਦੇ ਜ਼ਖਮੀ ਹੋਣ ਤੋਂ ਬਾਅਦ ਉਹ ਉਸ ਨੂੰ ਮਿਲਣ ਵਾਲੇ ਸਭ ਤੋਂ ਪਹਿਲੇ ਡਾਕਟਰ ਸਨ। ਉਨ੍ਹਾ ਕਿਹਾਸੈਫ਼ ਪੂਰੀ ਤਰ੍ਹਾਂ ਖੂਨ ਨਾਲ ਲਿਬੜਿਆ ਹੋਇਆ ਸੀ ਪਰ ਫਿਰ ਵੀ ਉਹ ਆਪਣੇ ਛੋਟੇ ਬੱਚੇ ਨਾਲ ਇਕ ਸ਼ੇਰ ਵਾਂਗ ਚੱਲਦਾ ਹੋਇਆ ਹਸਪਤਾਲ ’ਚ ਦਾਖਲ ਹੋਇਆ। ਉਹ ਅਸਲੀ ਨਾਇਕ ਹੈ।