ਪੰਜਾਬ ’ਚ ਨਹੀਂ ਲੱਗੀ ‘ਐਮਰਜੈਂਸੀ’

0
144

ਚੰਡੀਗੜ੍ਹ : ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਵੱਲੋਂ ਬਣਾਈ ਗਈ ਫਿਲਮ ‘ਐਮਰਜੈਂਸੀ’ ਸ਼ੁੱਕਰਵਾਰ ਚੰਡੀਗੜ੍ਹ ਸਣੇ ਪੂਰੇ ਦੇਸ਼ ਵਿੱਚ ਰਿਲੀਜ਼ ਹੋ ਗਈ, ਪਰ ਪੰਜਾਬ ’ਚ ਕਿਸੇ ਵੀ ਸਿਨੇਮਾ ਹਾਲ ਜਾਂ ਮਲਟੀਪਲੈੱਕਸ ਨੇ ਨਹੀਂ ਦਿਖਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀਰਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਉਹ ਫਿਲਮ ਦੇ ਪੰਜਾਬ ’ਚ ਰਿਲੀਜ਼ ਹੋਣ ’ਤੇ ਰੋਕ ਲਾਉਣ, ਕਿਉਕਿ ਇਸ ਵਿੱਚ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਇਹ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਦੀ ਹੈ। ਇਹ ਪੱਤਰ ਮੁੱਖ ਮੰਤਰੀ ਦੇ ਧਿਆਨ ’ਚ ਲਿਆਂਦਾ ਗਿਆ, ਪਰ ਉਨ੍ਹਾ ਕਿਸੇ ਕਿਸਮ ਦਾ ਹੁਕਮ ਜਾਰੀ ਨਹੀਂ ਕੀਤਾ। ਇਸ ਤਰ੍ਹਾਂ ਸਰਕਾਰ ਵੱਲੋਂ ਫਿਲਹਾਲ ਰੋਕ ਨਹੀਂ ਲਾਈ ਗਈ ਹੈ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਵਿੱਚ ਫਿਲਮਾਂ ’ਤੇ ਰੋਕ ਲਾਉਣ ’ਤੇ ਵਿਚਾਰ ਕਰਨ ਦੀ ਕੋਈ ਨੀਤੀ ਨਹੀਂ, ਪਰ ਕਦੇ-ਕਦੇ ਅਮਨ-ਕਾਨੂੰਨ ਦਾ ਮੁੱਦਾ ਬਣ ਜਾਂਦਾ ਹੈ ਤਾਂ ਸਰਕਾਰ ਕੋਈ ਫੈਸਲਾ ਕਰਦੀ ਹੈ। ਪੰਜਾਬ ਵਿੱਚ ਸਿਨੇਮਾ ਮਾਲਕਾਂ ਨੇ ਹੀ ਫਿਲਮ ਨਹੀਂ ਦਿਖਾਈ, ਕਿਉਕਿ ਉਹ ਕਿਸੇ ਸੰਕਟ ਵਿੱਚ ਨਹੀਂ ਪੈਣਾ ਚਾਹੁੰਦੇ।
ਅੰਮਿ੍ਰਤਸਰ, ਬਠਿੰਡਾ, ਜਲੰਧਰ ਤੇ ਲੁਧਿਆਣਾ ਸਣੇ ਕਈ ਸ਼ਹਿਰਾਂ ’ਚ ਫਿਲਮ ਖਿਲਾਫ ਪ੍ਰਦਰਸ਼ਨ ਹੋਏ। ਅੰਮਿ੍ਰਤਸਰ ’ਚ ਸਵੇਰੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ, ਅਧਿਕਾਰੀਆਂ ਤੇ ਮੈਂਬਰਾਂ ਦੀ ਅਗਵਾਈ ਹੇਠ ਵੱਖ-ਵੱਖ ਸ਼ਾਪਿੰਗ ਮਾਲਾਂ ’ਚ ਬਣੇ ਸਿਨੇਮਾ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਗਏ। ਬੱਸ ਅੱਡੇ ਨੇੜੇ ਪੀ ਵੀ ਆਰ ਸਿਨੇਮਾ ਘਰ ਦੇ ਬਾਹਰ ਇਕੱਠੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਦਰਸ਼ਨਕਾਰੀਆਂ ਨੇ ਫਿਲਮ ਖਿਲਾਫ ਬੈਨਰ, ਤਖਤੀਆਂ ਤੇ ਕਾਲੇ ਝੰਡੇ ਫੜੇ ਹੋਏ ਸਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਫਿਲਮ ’ਚ ਸਿੱਖ ਇਤਿਹਾਸ ਨੂੰ ਗਲਤ ਢੰਗ ਨਾਲ ਦਿਖਾਉਣ ਦਾ ਯਤਨ ਕੀਤਾ ਗਿਆ ਹੈ, ਜਿਸ ਖਿਲਾਫ ਪਹਿਲਾਂ ਵੀ ਸੈਂਸਰ ਬੋਰਡ, ਭਾਰਤ ਸਰਕਾਰ ਤੇ ਹੋਰਨਾਂ ਨੂੰ ਸੂਚਿਤ ਕੀਤਾ ਗਿਆ ਸੀ। ਉਨ੍ਹਾ ਕਿਹਾ ਕਿ ਫਿਲਮ ਦੇ ਪ੍ਰਦਰਸ਼ਨ ’ਤੇ ਪੰਜਾਬ ’ਚ ਰੋਕ ਲਾਉਣੀ ਚਾਹੀਦੀ ਹੈ। ਇਸ ਦੌਰਾਨ ਪੀ ਵੀ ਆਰ ਸਿਨੇਮਾ ਦੇ ਮੈਨੇਜਰ ਨੇ ਸਪੱਸ਼ਟ ਕੀਤਾ ਕਿ ਸਿਨੇਮਾ ਘਰ ’ਚ ਇਹ ਫਿਲਮ ਨਹੀਂ ਚਲਾਈ ਜਾ ਰਹੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਸਿਨੇਮਾ ਘਰ ਦੇ ਪ੍ਰਬੰਧਕਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਹ ਫਿਲਮ ਉਨ੍ਹਾ ਦੇ ਸਿਨੇਮਾ ਘਰ ’ਚ ਨਹੀਂ ਚਲਾਈ ਜਾਵੇਗੀ। ਇਸੇ ਤਰ੍ਹਾਂ ਹੋਰਨਾਂ ਥਾਵਾਂ ’ਤੇ ਵੀ ਫਿਲਮ ਨਾ ਚਲਾਉਣ ਦੇ ਭਰੋਸੇ ਦਿੱਤੇ ਗਏ ਹਨ। ਇਸ ਦੌਰਾਨ ਸਿਨੇਮਾ ਘਰ ਦੇ ਬਾਹਰ ਭਾਰੀ ਪੁਲਸ ਬਲ ਤਾਇਨਾਤ ਸੀ। ਪੁਲਸ ਅਧਿਕਾਰੀ ਨੇ ਕਿਹਾ ਕਿ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਵਾਸਤੇ ਸਿਨੇਮਾ ਘਰਾਂ ਦੇ ਬਾਹਰ ਪੁਲਸ ਬਲ ਤਾਇਨਾਤ ਕੀਤਾ ਗਿਆ।