ਕੋਲਕਾਤਾ : ਸਿਆਲਦਾਹ ਕੋਰਟ ਨੇ ਸਰਕਾਰੀ ਆਰ ਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਟਰੇਨੀ ਮਹਿਲਾ ਡਾਕਟਰ ਨਾਲ ਜਬਰ-ਜ਼ਨਾਹ ਤੇ ਕਤਲ ਮਾਮਲੇ ਵਿਚ ਦੋਸ਼ੀ ਠਹਿਰਾਏ ਸੰਜੈ ਰੌਏ ਨੂੰ ਕੁਦਰਤੀ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੀ ਬੀ ਆਈ ਨੇ ਹਾਲਾਂਕਿ ਰੌਏ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਕੋਰਟ ਨੇ ਸੂੁਬਾ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਪੀੜਤ ਮਹਿਲਾ ਡਾਕਟਰ ਦੇ ਪਰਵਾਰ ਨੂੰ ਮੁਆਵਜ਼ੇ ਵਜੋਂ 17 ਲੱਖ ਰੁਪਏ ਦੀ ਅਦਾਇਗੀ ਕਰੇ। ਜੱਜ ਅਨਿਰਬਨ ਦਾਸ ਨੇ ਕਿਹਾ ਕਿ ਇਹ ਅਪਰਾਧ ‘ਵਿਰਲਿਆਂ ਵਿੱਚੋਂ ਵਿਰਲੇ’ ਵਰਗ ਵਿੱਚ ਨਹੀਂ ਆਉਂਦਾ, ਜੋ ਦੋਸ਼ੀ ਨੂੰ ਮੌਤ ਦੀ ਸਜ਼ਾ ਨਾ ਦੇਣ ਦਾ ਇਕ ਕਾਰਨ ਹੈ।
ਰੌਏ ਉੱਤੇ ਲੱਗੇ ਦੋਸ਼ਾਂ ਤਹਿਤ ਉਸ ਨੂੰ ਘੱਟ ਤੋਂ ਘੱਟ ਉਮਰ ਕੈਦ ਜਾਂ ਫਿਰ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਉਮੀਦ ਸੀ। ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਅਨਿਰਬਨ ਨੇ ਸ਼ਨਿੱਚਰਵਾਰ ਨੂੰ ਸੁਣਾਏ ਫੈਸਲੇ ਵਿਚ ਰੌਏ ਨੂੰ ਪੋਸਟਗਰੈਜੂਏਟ ਟਰੇਨੀ ਡਾਕਟਰ ਦੇ ਜਬਰ-ਜ਼ਨਾਹ ਤੇ ਕਤਲ ਕੇਸ ਦਾ ਦੋਸ਼ੀ ਕਰਾਰ ਦਿੱਤਾ ਸੀ। ਉਂਜ ਰੌਏ ਨੇ ਸੋਮਵਾਰ ਸਜ਼ਾ ਸੁਣਾਏ ਜਾਣ ਤੋਂ ਠੀਕ ਪਹਿਲਾਂ ਆਪਣੇ ਬਚਾਅ ਵਿੱਚ ਕਿਹਾ ਸੀ ਕਿ ਉਹ ਨਿਰਦੋੋਸ਼ ਹੈ ਤੇ ਉਸ ਨੂੰ ਇਸ ਮਾਮਲੇ ਵਿਚ ਫਸਾਇਆ ਗਿਆ ਹੈ। ਰੌਏ ਨੇ ਕਿਹਾ ਸੀਮੈਂ ਨਿਰਦੋਸ਼ ਹਾਂ। ਮੈਨੂੰ ਫਸਾਇਆ ਗਿਆ ਹੈ ਤੇ ਮੈਂ ਕੋਈ ਅਪਰਾਧ ਨਹੀਂ ਕੀਤਾ। ਮੈਂ ਕੁਝ ਵੀ ਨਹੀਂ ਕੀਤਾ ਤੇ ਇਸ ਦੇ ਬਾਵਜੂਦ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਿਆਲਦਾਹ ਕੋਰਟ ਦੇ ਬਾਹਰ ਕਿਲ੍ਹੇਬੰਦੀ ਕਰਦਿਆਂ 500 ਦੇ ਕਰੀਬ ਪੁਲਸ ਕਰਮੀ ਤਾਇਨਾਤ ਕੀਤੇ ਗਏ ਸਨ। ਏਨੀ ਨਫਰੀ ਦੇ ਬਾਵਜੂਦ ਵੱਡੀ ਗਿਣਤੀ ’ਚ ਲੋਕ ਕੋਰਟ ਕੰਪਲੈਕਸ ਵਿੱਚ ਪਹੁੰਚੇ ਸਨ। ਪੀੜਤ ਮਹਿਲਾ ਡਾਕਟਰ ਦੇ ਮਾਪਿਆਂ ਨੇ ਸਵੇਰੇ ਕਿਹਾ ਸੀ ਕਿ ਉਨ੍ਹਾਂ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ। ਪੀੜਤਾ ਦੀ ਮਾਂ ਨੇ ਸੀ ਬੀ ਆਈ ਵੱਲੋਂ ਕੀਤੀ ਜਾਂਚ ’ਤੇ ਅਫਸੋਸ ਜਤਾਉਂਦਿਆਂ ਦਾਅਵਾ ਕੀਤਾ ਕਿ ਇਸ ਅਪਰਾਧ ਵਿੱਚ ਸ਼ਾਮਲ ਹੋਰਨਾਂ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ’ਚ ਨਹੀਂ ਖੜ੍ਹਾ ਕੀਤਾ ਗਿਆ। ਇਸ ਅਪਰਾਧ ਵਿੱਚ ਸਿਰਫ ਇਕ ਵਿਅਕਤੀ ਸ਼ਾਮਲ ਨਹੀਂ ਸੀ, ਪਰ ਇਸ ਦੇ ਬਾਵਜੂਦ ਸੀ ਬੀ ਆਈ ਹੋਰਨਾਂ ਨੂੰ ਕਾਬੂ ਕਰਨ ਵਿਚ ਨਾਕਾਮ ਰਹੀ। ਜੇ ਅਸੀਂ ਭਵਿੱਖ ਵਿਚ ਅਜਿਹੇ ਅਪਰਾਧਾਂ ਨੂੰ ਰੋਕਣਾ ਹੈ ਤਾਂ ਅਜਿਹੇ ਅਪਰਾਧੀਆਂ ਨੂੰ ਜਿਊਣ ਦਾ ਕੋਈ ਅਧਿਕਾਰ ਨਹੀਂ ਹੈ।
ਰੌਏ, ਜੋ ਕੋਲਕਾਤਾ ਪੁਲਸ ਦਾ ਸਾਬਕਾ ਸਿਵਿਕ ਵਲੰਟੀਅਰ ਸੀ, ਨੂੰ ਪਿਛਲੇ ਸਾਲ 9 ਅਗਸਤ ਦੀ ਇਸ ਘਟਨਾ ਤੋਂ ਅਗਲੇ ਦਿਨ ਗਿ੍ਰਫਤਾਰ ਕੀਤਾ ਗਿਆ ਸੀ। ਕੇਸ ਮਗਰੋਂ ਸੀ ਬੀ ਆਈ ਨੂੰ ਸੌਂਪ ਦਿੱਤਾ ਗਿਆ। ਜੱਜ ਨੇ ਰੌਏ ਨੂੰ ਭਾਰਤੀ ਨਿਆਂਏ ਸੰਹਿਤਾ ਦੀ ਧਾਰਾ 64, 66 ਤੇ 103(1) ਤਹਿਤ ਦੋਸ਼ੀ ਕਰਾਰ ਦਿੱਤਾ।
ਇਸੇ ਦੌਰਾਨ ਕੋਲਕਾਤਾ ਪੁਲਸ ਨੇ ਜੂਨੀਅਰ ਡਾਕਟਰਾਂ ਦੀ ਜਥੇਬੰਦੀ ਨੂੰ ਸਿਆਲਦਾਹ ਕੋਰਟ ਇਲਾਕੇ ਵਿੱਚ ਰੋਸ ਮੁਜ਼ਾਹਰੇ ਲਈ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ। ਉਧਰ ਸੰਜੈ ਰੌਏ ਦੀ ਮਾਂ ਨੇ ਭਾਵੇਂ ਮੀਡੀਆ ਨਾਲ ਗੱਲ ਨਹੀਂ ਕੀਤੀ, ਪਰ ਉਸ ਦੀ ਭੈਣ ਨੇ ਕਿਹਾਸਾਰੇ ਸਬੂਤ ਉਸ ਦੇ ਖਿਲਾਫ ਹਨ। ਜੇ ਉਸ ਨੂੰ ਮੌਤ ਦੀ ਸਜ਼ਾ ਵੀ ਮਿਲਦੀ ਹੈ ਤਾਂ ਅਸੀਂ ਇਸ ਵਿੱਚ ਕੀ ਕਰ ਸਕਦੇ ਹਾਂ?
ਉਧਰ ਸੀ ਪੀ ਆਈ (ਐੱਮ) ਆਗੂ ਵਿਕਾਸ ਰੰਜਨ ਭੱਟਾਚਾਰੀਆ ਨੇ ਦਾਅਵਾ ਕੀਤਾ ਕਿ ਸੀ ਬੀ ਆਈ ਵੱਲੋਂ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਜਾ ਰਹੀ ਹੈ। ਭਾਜਪਾ ਦੇ ਸੂਬਾਈ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ ਕਿਹਾਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੀ ਬੀ ਆਈ ਵੱਲੋਂ ਜਾਂਚ ਆਪਣੇ ਹੱਥਾਂ ਵਿੱਚ ਲੈਣ ਤੋਂ ਪਹਿਲਾਂ ਹੀ ਸਾਰੇੇ ਸਬੂਤ ਮਿਟਾ ਦਿੱਤੇ ਗਏ ਸਨ। ਅਜਿਹੇ ਹਾਲਾਤ ’ਚ ਸਬੂਤ ਇਕੱਤਰ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।


