ਮੁੁੰਬਈ : ਬੌਲੀਵੁੱਡ ਅਦਾਕਾਰ ਸੈਫ਼ ਅਲੀ ਖਾਨ ’ਤੇ ਚਾਕੂ ਨਾਲ ਵਾਰ ਕਰਨ ਦੇ ਦੋਸ਼ ਵਿੱਚ ਫੜੇ ਗਏ ਬੰਗਲਾਦੇਸ਼ੀ ਨਾਗਰਿਕ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੇ ਪੁਲਸ ਨੂੰ ਕਥਿਤ ਤੌਰ ’ਤੇ ਦੱਸਿਆ ਹੈ ਕਿ ਉਹ ਭਾਰਤ ਆਉਣ ਤੋਂ ਪਹਿਲਾਂ ਬੰੰਗਲਾਦੇਸ਼ ਵਿੱਚ ਕੌਮੀ ਪੱਧਰ ਦਾ ਭਲਵਾਨ ਸੀ। ਸ਼ਹਿਜ਼ਾਦ ਨੇ ਸੈਫ਼ ਦੇ ਘਰ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਸ਼ਾਹਰੁਖ ਖਾਨ ਦੀ ਰਿਹਾਇਸ਼ ‘ਮੰਨਤ’ ਸਣੇ ਹੋਰਨਾਂ ਨਾਮੀ ਹਸਤੀਆਂ ਦੇ ਘਰਾਂ ਦੀ ਵੀ ਰੇਕੀ ਕੀਤੀ ਸੀ। ਹਾਲਾਂਕਿ ਸ਼ਾਹਰੁਖ ਦੇ ਘਰ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਤੇ ਉੱਚੀਆਂ ਕੰਧਾਂ ਦੇਖ ਕੇ ਉਸ ਨੇ ਇਰਾਦਾ ਤਿਆਗ ਦਿੱਤਾ।
ਸੂਤਰਾਂ ਨੇ ਦਾਅਵਾ ਕੀਤਾ ਕਿ ਸ਼ਹਿਜ਼ਾਦ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਬੰਗਲਾਦੇਸ਼ ਵਿੱਚ ਜ਼ਿਲ੍ਹਾ ਤੇ ਕੌਮੀ ਪੱਧਰ ਦੀਆਂ ਕੁਸ਼ਤੀ ਚੈਂਪੀਅਨਸ਼ਿਪਾਂ ਵਿੱਚ ਹੇਠਲੇ ਭਾਰ ਵਰਗ ’ਚ ਘੁਲਦਾ ਰਿਹਾ ਹੈ। ਸੂਤਰਾਂ ਮੁਤਾਬਕ ਸ਼ਹਿਜ਼ਾਦ ਨੇ ਦਾਅਵਾ ਕੀਤਾ ਕਿ ਉਸ ਦੇ ਕੁਸ਼ਤੀ ਪਿਛੋਕੜ ਕਰਕੇ ਹੀ ਸੈਫ਼ ਅਲੀ ਖਾਨ ’ਤੇ ਕੀਤੇ ਹਮਲੇ ਦੌਰਾਨ ਉਸ ਦੇ ਕਿਤੇ ਕੋਈ ਸੱਟ ਫੇਟ ਨਹੀਂ ਲੱਗੀ। ਹਮਲੇ ਮਗਰੋਂ ਸ਼ਹਿਜ਼ਾਦ ਨੇ ਖੁਦ ਨੂੰ ਪੁਲਸ ਤੋਂ ਬਚਾਉਣ ਲਈ ਤਿੰਨ ਤੋਂ ਚਾਰ ਵਾਰ ਆਪਣੇ ਕੱਪੜੇ ਬਦਲੇ। ਉਹ ਬਾਂਦਰਾ ਤੋਂ ਦਾਦਰ, ਵਰਲੀ, ਅੰਧੇਰੀ ਵਿੱਚ ਘੁੰਮਦਾ ਰਿਹਾ ਤੇ ਅਖੀਰ ’ਚ ਠਾਣੇ ਪੁੱਜਾ। ਘਟਨਾ ਤੋਂ ਅਗਲੇ ਦਿਨ, ਉਹ ਦਾਦਰ ਵਾਪਸ ਆਇਆ, ਲਗਾਤਾਰ ਘੁੰਮਦਾ ਰਿਹਾ, ਜਿਸ ਕਾਰਨ ਪੁਲਸ ਲਈ ਉਸ ਨੂੰ ਲੱਭਣਾ ਮੁਸ਼ਕਲ ਹੋ ਗਿਆ। ਸ਼ਹਿਜ਼ਾਦ ਸਤੰਬਰ ’ਚ ਮੁੰਬਈ ਆਇਆ ਸੀ ਅਤੇ ਸ਼ੁਰੂ ’ਚ ਇੱਕ ਹਾਊਸਕੀਪਿੰਗ ਕੰਪਨੀ ਰਾਹੀਂ ਇੱਕ ਹੋਟਲ ’ਚ ਕੰਮ ਕਰਦਾ ਸੀ।
ਸੂਤਰਾਂ ਨੇ ਕਿਹਾ ਕਿ ਸ਼ਹਿਜ਼ਾਦ ਨੇ ਮੰਨਿਆ ਕਿ ਉਸ ਨੇ ਸਤਗੁਰੂ ਸ਼ਰਣ ਦੀ 12 ਮੰਜ਼ਿਲਾ ਇਮਾਰਤ, ਜਿੱਥੇ ਸੈਫ਼ ਅਲੀ ਖਾਨ ਦਾ ਘਰ ਹੈ ਅਤੇ ਸ਼ਾਹਰੁਖ ਖਾਨ ਦੀ ‘ਮੰਨਤ’ ਸਣੇ ਹੋਰ ਨਾਮੀ ਹਸਤੀਆਂ ਦੀਆਂ ਰਿਹਾਇਸ਼ਾਂ ਦਾ ਸਰਵੇਖਣ ਕੀਤਾ ਸੀ।
ਸ਼ਾਹਰੁਖ ਦੀ ਰਿਹਾਇਸ਼ ਦੇ ਬਾਹਰ ਸਖਤ ਪਹਿਰੇ ਤੇ ਉੱਚੀਆਂ ਕੰਧਾਂ ਕਰਕੇ ਉਸ ਨੇ ਇਰਾਦਾ ਬਦਲ ਦਿੱਤਾ। ਉਸ ਨੇ 15 ਜਨਵਰੀ ਨੂੰ ਸੈਫ਼ ਅਲੀ ਖਾਨ ਦੇ ਘਰ ਦੀ ਵਿਸਥਾਰਤ ਰੇਕੀ ਕੀਤੀ ਅਤੇ ਇੱਕ ਆਸਾਨ ਐਂਟਰੀ ਪੁਆਇੰਟ ਦੀ ਪਛਾਣ ਕੀਤੀ। ਉਹ ਮਗਰੋਂ ਉਸੇ ਰਾਤ ਨੂੰ ਵਾਪਸ ਆਇਆ ਅਤੇ 16 ਜਨਵਰੀ ਨੂੰ ਸਵੇਰੇ 1:37 ਵਜੇ ਇਮਾਰਤ ’ਚ ਦਾਖਲ ਹੋਇਆ। ਨਕਦੀ ਅਤੇ ਗਹਿਣੇ ਚੋਰੀ ਕਰਨ ਦਾ ਮੌਕਾ ਮਿਲਣ ਦੇ ਬਾਵਜੂਦ ਸੈਫ਼ ਉੱਤੇ ਹਮਲੇ ਮਗਰੋਂ ਫੜੇ ਜਾਣ ਦੇ ਡਰੋਂ ਸ਼ਹਿਜ਼ਾਦ ਉਥੋਂ ਭੱਜ ਗਿਆ। ਉਪਰੰਤ ਉਸ ਨੇ ਨਿਊਜ਼ ਚੈਨਲਾਂ ਰਾਹੀਂ ਜਾਂਚ ਦੀ ਨੇੜਿਓਂ ਨਿਗਰਾਨੀ ਕੀਤੀ।


