ਚੰਡੀਗੜ੍ਹ : ਪੰਜਾਬ ਸੀ ਪੀ ਆਈ ਨੇ ਜਿਉਂਦ ਪਿੰਡ ਵਿਚ ਅਦਾਲਤੀ ਫੈਸਲੇ ਦੀ ਆੜ ਵਿਚ ਕਿਸਾਨਾਂ ’ਤੇ ਢਾਹੇ ਜਾ ਰਹੇ ਪੁਲਸ ਜਬਰ ਦੀ ਨਿਖੇਧੀ ਕਰਦਿਆਂ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਕਿਸਾਨਾਂ ਦੀ ਹਮਾਇਤ ਕਰਨ ਦੀ ਬਜਾਏ ਅਖੌਤੀ ਵਿਸਵੇਦਾਰਾਂ ਦੀ ਹਮਾਇਤ ਕਰ ਰਹੀ ਹੈ।
ਪਿਛਲੇ ਦਿਨੀਂ ਸੀ ਪੀ ਆਈ ਸਕੱਤਰੇਤ ਦੀ ਮੀਟਿੰਗ ਹੋਣ ਤੋਂ ਬਾਅਦ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਆਖਿਆ ਕਿ ਪਿੰਡ ਜਿਉਂਦ ਦੀ 600 ਏਕੜ ਜ਼ਮੀਨ ’ਤੇ ਕਿਸਾਨ 1907 ਤੋਂ ਲੈ ਕੇ ਕਾਸ਼ਤ ਕਰ ਰਹੇ ਹਨ। 1952-53 ਵਿਚ ਪੈਪਸੂ ਸੂਬੇ ਵਿਚ ਸ਼ਕਤੀਸ਼ਾਲੀ ਕਮਿਊਨਿਸਟ ਅੰਦੋਲਨ, ਜਿਹੜਾ ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ ਆਦਿ ਪ੍ਰਸਿੱਧ ਆਗੂਆਂ ਦੀ ਅਗਵਾਈ ਵਿਚ ਲੜਿਆ ਗਿਆ, ਦੇ ਨਤੀਜੇ ਵਜੋਂ 16-17 ਲੱਖ ਏਕੜ ਜ਼ਮੀਨ ਤੋਂ ਵਿਸਵੇਦਾਰੀ ਖਤਮ ਕਰਕੇ ਮੁਜ਼ਾਰੇ ਕਾਨੂੰਨੀ ਤੌਰ ’ਤੇ ਜ਼ਮੀਨਾਂ ਦੇ ਮਾਲਕ ਬਣ ਗਏ, ਪਰ ਜਿਉਂਦ ਪਿੰਡ ਦੇ ਕਿਸਾਨਾਂ ਦੀ ਕਾਨੂੰਨੀ ਅਗਿਆਨਤਾ ਦਾ ਫਾਇਦਾ ਉਠਾ ਕੇ ਕੁਝ ਵਿਸਵੇਦਾਰਾਂ ਦੀ ਅਦਾਲਤੀ ਫੈਸਲਿਆਂ ਰਾਹੀਂ 600 ਏਕੜ ਜ਼ਮੀਨ ’ਤੇ ਪੰਜਾਬ ਪੁਲਸ ਦੀ ਹਮਾਇਤ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਵਿਰੁੱਧ ਪਿੰਡ ਦੇ ਲੋਕਾਂ ਨੇ ਜ਼ੋਰਦਾਰ ਅੰਦੋਲਨ ਵਿੱਢਿਆ, ਜਿਸ ਦੀ ਅਗਵਾਈ ਬੀ ਕੇ ਯੂ (ਉਗਰਾਹਾਂ) ਜਥੇਬੰਦੀ ਕਰ ਰਹੀ ਹੈ। ਪੁਲਸ ਤਸ਼ੱਦਦ ਵਿਚ ਅਨੇਕਾਂ ਕਿਸਾਨ ਆਗੂਆਂ ’ਤੇ ਝੂਠੇ ਕੇਸ ਬਣਾਏ ਜਾ ਰਹੇ ਹਨ। ਸੀ ਪੀ ਆਈ ਨੇ ਸਰਕਾਰ ਤੋਂ ਇਸ ਬੇਇਨਸਾਫੀ ਅਤੇ ਜਗੀਰਦਾਰਾਂ ਦੇ ਵਾਰਸਾਂ ਦੀ ਗੁੰਡਾਗਰਦੀ ਵਿਰੁੱਧ ਤੁਰੰਤ ਐਕਸ਼ਨ ਲੈਣ ਦੀ ਮੰਗ ਕਰਦਿਆਂ ਝੂਠੇ ਕੇਸ ਵਾਪਸ ਲੈਣ ਲਈ ਆਖਿਆ ਹੈ।
ਸੀ ਪੀ ਆਈ ਨੇ ਪਿੰਡ ਦਾਨ ਸਿੰਘ ਵਾਲਾ ਵਿਖੇ ਨਸ਼ਾ ਵਪਾਰੀਆਂ ਵੱਲੋਂ ਅਨੇਕਾਂ ਘਰਾਂ ਨੂੰ ਤਬਾਹ ਕਰਨ ਦੀ ਸਖਤ ਨਿੰਦਾ ਕੀਤੀ ਹੈ ਅਤੇ ਪੰਜਾਬ ਸਰਕਾਰ ਤੋਂ ਗੁੰਡਿਆਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਤੁਰੰਤ ਉਚਿਤ ਮੁਆਵਜ਼ੇ ਅਤੇ ਘਰਾਂ ਦੀ ਉਸਾਰੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਸੀ ਪੀ ਆਈ ਨੇ ਫਾਜ਼ਿਲਕਾ ਵਿਖੇ ਜ਼ਿਲਾ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੁਝ ਸਿਆਸੀ ਆਗੂਆਂ ਦੀ ਸ਼ਹਿ ’ਤੇ ਕਮਿਊਨਿਸਟਾਂ ’ਤੇ ਕੀਤੇ ਜਾ ਰਹੇ ਤਸ਼ੱਦਦ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਫੌਰੀ ਤੌਰ ’ਤੇ ਦਖਲ ਦੇ ਕੇ ਜ਼ਿੰਮੇਵਾਰ ਅਫਸਰਾਂ ਅਤੇ ਪੁਲਸ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕਰੇ।
ਸੀ ਪੀ ਆਈ ਨੇ ਪੰਜਾਬ ਅੰਦਰ ਬੁਰੀ ਤਰ੍ਹਾਂ ਵਿਗੜੀ ਹੋਈ ਅਮਨ-ਕਾਨੂੰਨ ਦੀ ਹਾਲਤ ’ਤੇ ਗੰਭੀਰ ਚਿੰਤਾ ਕਰਦਿਆਂ ਪੰਜਾਬ ਦੀਆਂ ਸਮੁੱਚੀਆਂ ਰਾਜਸੀ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਸਥਿਤੀ ਅਤੇ ਫੈਡਰਲ ਢਾਂਚੇ ਦੀ ਰਾਖੀ ਲਈ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਆਵਾਜ਼ ਉਠਾਉਣ।




