ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਹਤ ’ਤੇ ਅਸਰ ਹੋਵੇ ਜਾਂ ਨਾ ਪਰ ਉਨ੍ਹਾਂ ਭਾਰਤੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਹੜੇ ਮਹਿਸੂਸ ਕਰਦੇ ਹਨ ਕਿ ਉਜਰਤਾਂ ਵਿੱਚ ਖੜੋਤ ਤੇ ਮਹਿੰਗਾਈ ਕਾਰਨ ਉਨ੍ਹਾਂ ਦੀ ਜ਼ਿੰਦਗੀ ਮੁਹਾਲ ਹੁੰਦੀ ਜਾ ਰਹੀ ਹੈ ਤੇ ਭਵਿੱਖ ਵੀ ਕੋਈ ਆਸ ਨਹੀਂ ਬੰਨ੍ਹਾਉਦਾ।
ਪੋਲਿੰਗ ਏਜੰਸੀ ਸੀ-ਵੋਟਰ ਵੱਲੋਂ ਆਮ ਬੱਜਟ ਤੋਂ ਪਹਿਲਾਂ ਕੀਤੇ ਗਏ ਸਰਵੇਖਣ ’ਚ ਸਾਹਮਣੇ ਆਇਆ ਹੈ ਕਿ 37 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਆਮ ਲੋਕਾਂ ਦੀ ਅਗਲੇ ਸਾਲ ਹਾਲਤ ਹੋਰ ਵਿਗੜੇਗੀ। ਅਜਿਹਾ ਸੋਚਣ ਵਾਲਿਆਂ ਦਾ ਇਹ ਫੀਸਦ 2013 ਤੋਂ ਬਾਅਦ ਸਭ ਤੋਂ ਵੱਧ ਹੈ। ਮੋਦੀ 2014 ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹਨ। ਸੀ-ਵੋਟਰ ਨੇ ਇਹ ਸਰਵੇਖਣ ਦੇਸ਼-ਭਰ ਦੇ 5269 ਲੋਕਾਂ ’ਚ ਕੀਤਾ। ਅੱਖਾਂ ਵਿੱਚ ਹੰਝੂ ਲਿਆਉਣ ਵਾਲੀ ਖੁਰਾਕੀ ਮਹਿੰਗਾਈ ਨੇ ਘਰਾਂ ਦੇ ਬੱਜਟ ਵਿਗਾੜ ਦਿੱਤੇ ਹਨ ਤੇ ਉਨ੍ਹਾਂ ਕੋਲ ਖਰਚ ਕਰਨ ਜੋਗੇ ਪੈਸੇ ਨਹੀਂ। ਇਸ ਤੋਂ ਇਲਾਵਾ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੇ ਅਰਥਚਾਰੇ ਦੀ ਵਿਕਾਸ ਦਰ ਪਿਛਲੇ ਚਾਰ ਸਾਲਾਂ ਵਿੱਚ ਸਭ ਤੋਂ ਘੱਟ ਰਹਿਣ ਦੀਆਂ ਸੰਭਾਵਨਾਵਾਂ ਹਨ। ਸਰਵੇਖਣ ਵਿੱਚ ਪੁੱਛੇ ਸਵਾਲਾਂ ਦਾ ਜਵਾਬ ਦੇਣ ਵਾਲੇ ਕਰੀਬ ਦੋ-ਤਿਹਾਈ ਲੋਕਾਂ ਨੇ ਕਿਹਾ ਕਿ ਮਹਿੰਗਾਈ ਬੇਲਗਾਮ ਹੈ ਤੇ ਮੋਦੀ ਰਾਜ ਆਉਣ ਤੋਂ ਬਾਅਦ ਇਹ ਵਧੀ ਹੀ ਹੈ। ਅੱਧੇ ਤੋਂ ਵੱਧ ਲੋਕਾਂ ਨੇ ਕਿਹਾ ਕਿ ਨੋਟਪਸਾਰਾ ਵਧਣ ਕਾਰਨ ਉਨ੍ਹਾਂ ਦੀ ਜ਼ਿੰਦਗੀ ’ਤੇ ਬਹੁਤ ਬੁਰਾ ਅਸਰ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਆਰਥਿਕ ਵਿਕਾਸ ਦਰ ਨੂੰ ਘਟਣੋਂ ਰੋਕਣ, ਖਰਚਣ ਲਈ ਬੋਝੇ ਭਰਨ ਤੇ ਦਰਮਿਆਨੇ ਤਬਕੇ ਨੂੰ ਇਨਕਮ ਟੈਕਸ ਤੋਂ ਰਾਹਤ ਦੇਣ ਲਈ ਮੋਦੀ ਸਰਕਾਰ ਨੂੰ ਬੱਜਟ ’ਚ ਚੰਗੇ ਕਦਮ ਐਲਾਨਣੇ ਚਾਹੀਦੇ ਹਨ। ਕਰੀਬ ਅੱਧੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਨਿੱਜੀ ਆਮਦਨੀ ਪਿਛਲੇ ਸਾਲ ਜਿੰਨੀ ਹੀ ਰਹੀ, ਪਰ ਖਰਚੇ ਵਧ ਗਏ। ਕਰੀਬ ਦੋ-ਤਿਹਾਈ ਨੇ ਕਿਹਾ ਕਿ ਖਰਚੇ ਕੰਟਰੋਲ ਕਰਨੇ ਔਖੇ ਹੋ ਗਏ ਹਨ। ਬੇਸ਼ੱਕ ਆਰਥਿਕ ਵਿਕਾਸ ਦੁਨੀਆ ਵਿੱਚ ਸਭ ਤੋਂ ਵਧੀਆ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਵੱਡੀ ਗਿਣਤੀ ਵਿੱਚ ਨੌਜਵਾਨ ਵਸੋਂ ਨੂੰ ਨਿਯਮਤ ਉਜਰਤ ਮੁਹੱਈਆ ਕਰਨ ਵਾਲੀਆਂ ਨੌਕਰੀਆਂ ਨਸੀਬ ਨਹੀਂ ਹਨ। ਪਿਛਲੇ ਬੱਜਟ ਵਿੱਚ ਨੌਕਰੀਆਂ ਪੈਦਾ ਕਰਨ ਲਈ ਵੱਖ-ਵੱਖ ਸਕੀਮਾਂ ’ਤੇ ਪੰਜ ਸਾਲਾਂ ਵਿੱਚ ਕਰੀਬ 24 ਅਰਬ ਡਾਲਰ ਖਰਚਣ ਦਾ ਐਲਾਨ ਕੀਤਾ ਗਿਆ ਸੀ, ਪਰ ਇਹ ਸਕੀਮਾਂ ਲਾਗੂ ਨਹੀਂ ਹੋਈਆਂ।