ਨਵੀਂ ਦਿੱਲੀ : ਨੈਸ਼ਨਲ ਬੁੱਕ ਟਰੱਸਟ ਵੱਲੋਂ ਇਸ ਵਾਰ ਦਾ ਵਿਸ਼ਵ ਪੁਸਤਕ ਮੇਲਾ 1 ਤੋਂ 9 ਫਰਵਰੀ ਤੱਕ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿਖੇ ਲਾਇਆ ਜਾਵੇਗਾ। ਮੇਲਾ ਰੋਜ਼ਾਨਾ ਸਵੇਰੇ 11 ਤੋਂ ਸ਼ਾਮ 8 ਵਜੇ ਤੱਕ ਭਰੇਗਾ। ਇਸ ਵਾਰ ਮੇਲੇ ਦਾ ਥੀਮ ‘ਅਸੀਂ ਭਾਰਤ ਦੇ ਲੋਕ’ ਰੱਖਿਆ ਗਿਆ ਹੈ। ਟਰੱਸਟ ਦੇ ਡਾਇਰੈਕਟਰ ਯੁਵਰਾਜ ਮਲਿਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਹਾਲ 2 ਤੋਂ 6 ’ਚ ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਕਿਤਾਬਾਂ ਪਾਠਕਾਂ ਦੇ ਰੂ-ਬ-ਰੂ ਹੋਣਗੀਆਂ। ਰੂਸ ਸਹਿਯੋਗੀ ਮੁਲਕ ਹੋਵੇਗਾ ਅਤੇ 75 ਲੇਖਕ, ਬੁੱਧੀਜੀਵੀ ਇਸ ਮੇਲੇ ਵਿੱਚ ਸ਼ਮੂਲੀਅਤ ਕਰਨਗੇ। ਰੂਸੀ ਕਿਤਾਬਾਂ ਦਾ ਵਿਸ਼ੇਸ਼ ਸਟਾਲ ਲਾਇਆ ਜਾਵੇਗਾ ਅਤੇ ਰੂਸੀ ਸੱਭਿਆਚਾਰ ਬਾਰੇ ਰੋਜ਼ਾਨਾ ਪ੍ਰੋਗਰਾਮ ਹੋਣਗੇ। ਬੱਚਿਆਂ ਲਈ ਖ਼ਾਸ ਕੋਨਾ ਬਣਾਇਆ ਗਿਆ ਹੈ। ਵੱਖ-ਵੱਖ ਭਾਸ਼ਾਵਾਂ ਦੇ ਹਜ਼ਾਰ ਦੇ ਕਰੀਬ ਲੇਖਕਾਂ ਨਾਲ ਸੰਵਾਦ ਹੋਵੇਗਾ। ਰੂਸੀ ਵਫਦ ਦੇ ਮੁਖੀ ਅਲੈਕਸੀ ਵਾਰਲਾਮੋਵ ਨੇ ਕਿਹਾ ਕਿ ਰੂਸੀ ਸਾਹਿਤ ’ਚ ਨਵੇਂ ਰੂਸ ਦੇ ਦਰਸ਼ਨ ਹੋਣਗੇ।
ਨੌਜਵਾਨ ਕਿਸਾਨ ਵੱਲੋਂ ਖੁਦਕੁਸ਼ੀ
ਲਹਿਰਾਗਾਗਾ : ਨੇੜਲੇ ਪਿੰਡ ਗੰਢੂਆਂ ਦੇ 26 ਸਾਲਾ ਕਿਸਾਨ ਗੁਰਸੇਵਕ ਸਿੰਘ ਪੁੱਤਰ ਸਵਰਗੀ ਬਲਵੀਰ ਸਿੰਘ ਨੇ ਕਰਜ਼ੇ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਧਰਮਗੜ੍ਹ ਦੇ ਥਾਣੇਦਾਰ ਦਰਸ਼ਨ ਸਿੰਘ ਦੀ ਅਗਵਾਈ ’ਚ ਪੁਲਸ ਨੇ ਪੋਸਟ ਮਾਰਟਮ ਕਰਵਾਉਣ ਪਿੱਛੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮਿ੍ਰਤਕ ਆਪਣੇ ਪਿੱਛੇ ਵਿਧਵਾ ਮਾਂ, ਪਤਨੀ ਅਤੇ ਦੋ ਮਾਸੂਮ ਬੱਚੇ ਛੱਡ ਗਿਆ ਹੈ। ਮਾਤਾ ਕਰਮਜੀਤ ਕੌਰ ਅਨੁਸਾਰ ਪਰਵਾਰ ’ਤੇ ਸਟੇਟ ਬੈਂਕ ਆਫ ਇੰਡੀਆ ਦਾ 6 ਲੱਖ ਰੁਪਏ ਦਾ ਕਰਜ਼ਾ ਸੀ, ਪਰ ਉਨ੍ਹਾਂ ਕੋਲ ਕੋਈ ਵਾਹੀਯੋਗ ਜ਼ਮੀਨ ਨਹੀਂ ਹੈ। ਇਸ ਕਾਰਨ ਗੁਰਸੇਵਕ ਸਿੰੰਘ ਪ੍ਰੇਸ਼ਾਨ ਰਹਿਣ ਲੱਗਾ ਸੀ।
ਕੁੱਤਾ ਕੁਚਲਣ ’ਤੇ ਬੱਸ ਡਰਾਈਵਰ ਖਿਲਾਫ ਕੇਸ
ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਆਵਾਰਾ ਕੁੱਤੇ ਨੂੰ ਕੁਚਲਣ ਦੇ ਦੋਸ਼ ’ਚ ਸਕੂਲ ਬੱਸ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਵਾਜੀ ਨਗਰ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਡਰਾਈਵਰ ਮੰਗਲਵਾਰ ਅੰਬਰਨਾਥ ਇਲਾਕੇ ’ਚ ਮੰਦਰ ਦੇ ਕੋਲ ਬੱਸ ਨੂੰ ਮੋੜ ਰਿਹਾ ਸੀ ਤਾਂ ਕੁੱਤਾ ਗੱਡੀ ਹੇਠ ਆ ਗਿਆ। ਇੱਕ ਵਿਅਕਤੀ ਦੀ ਸੂਚਨਾ ’ਤੇ ਪੁਲਸ ਨੇ ਬੁੱਧਵਾਰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 325 (ਜਾਨਵਰ ਨੂੰ ਮਾਰਨਾ ਜਾਂ ਅਪੰਗ ਬਣਾਉਣਾ) ਅਤੇ ਜਾਨਵਰਾਂ ਪ੍ਰਤੀ ਬੇਰਹਿਮੀ ਰੋਕੂ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।