ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਕਿਹਾ ਕਿ ਦਿੱਲੀ ਵਿਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ। ਉਨ੍ਹਾ ਕਿਹਾ ਕਿ ਕੇਂਦਰੀ ਬਜਟ ਨੇ ਹਰੇਕ ਪਰਵਾਰ ਨੂੰ ਖੁਸ਼ੀਆਂ ਨਾਲ ਭਰ ਦਿੱਤਾ ਹੈ ਤੇ ਭਾਰਤ ਦੇ ਇਤਿਹਾਸ ਵਿਚ ਇਹ ਮੱਧ ਵਰਗ ਲਈ ਸਭ ਤੋਂ ਸਾਰਥਕ ਬਜਟ ਹੈ।
ਦਿੱਲੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਬਜਟ ਵਿਚ ਮੱਧ ਵਰਗ ਲਈ ਲਾਭਕਾਰੀ ਵਿਵਸਥਾਵਾਂ ਦੀ ਗੱਲ ਕੀਤੀ। ਉਨ੍ਹਾ ਕਿਹਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ, ਜਦੋਂ 12 ਲੱਖ ਦੀ ਸਾਲਾਨਾ ਆਮਦਨ ਵਾਲਿਆਂ ਨੂੰ ਅਜਿਹੀ ਰਾਹਤ ਦਿੱਤੀ ਗਈ ਹੈ। ਮੱਧ ਵਰਗ ਆਖ ਰਿਹਾ ਹੈ ਕਿ ਇਹ ਭਾਰਤ ਦੇ ਇਤਿਹਾਸ ਵਿਚ ਮੱਧ ਵਰਗ ਲਈ ਸਭ ਤੋਂ ਮੁਆਫ਼ਕ ਬਜਟ ਹੈ। ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਥਿਤ ਝੂਠੇ ਵਾਅਦਿਆਂ ਤੇ ਭਿ੍ਰਸ਼ਟਾਚਾਰ ਲਈ ਭੰਡਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਆਪ-ਦਾ’ ਦੀਆਂ ਨੀਤੀਆਂ ਕਰਕੇ ਫੈਕਟਰੀਆਂ ਬੰਦ ਹੋ ਗਈਆਂ। ਲੋਕਾਂ ਦੀ ਲੁੱਟ ਕਰਨ ਵਾਲਿਆਂ ਦੀ ਜਵਾਬਦੇਹੀ ਨਿਰਧਾਰਤ ਕੀਤੀ ਜਾਵੇਗੀ। ਉਨ੍ਹਾ ਕਿਹਾ ਇਕ ਪਾਸੇ ‘ਆਪ-ਦਾ’ ਹੈ, ਜੋ ਝੂਠੇ ਵਾਅਦੇ ਕਰਦੀ ਹੈ ਅਤੇ ਦੂਜੇ ਪਾਸੇ ‘ਮੋਦੀ ਦੀਆਂ ਗਾਰੰਟੀਆਂ’ ਹਨ। ਮੋਦੀ ਨੇ ਲੋਕਾਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਓਹਾਰ ਮੌਸਮ ਬਦਲਣ ਦੀ ਤਰਜਮਾਨੀ ਕਰਦਾ ਹੈ। ਦਿੱਲੀ ਦੇ ਲੋਕ ਭਾਜਪਾ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ‘ਆਪ-ਦਾ’ ਨੇ ਕੌਮੀ ਰਾਜਧਾਨੀ ਦੇ 11 ਸਾਲ ਖਰਾਬ ਕਰ ਦਿੱਤੇ ਤੇ ਡਬਲ ਇੰਜਣ ਸਰਕਾਰ ਉਨ੍ਹਾਂ ਦੇ ਵਿਕਾਸ ਤੇ ਤਰੱਕੀ ਲਈ ਵਚਨਬੱਧ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਾਅਵਿਆਂ ਦੇ ਉਲਟ ਦਿੱਲੀ ਵਿਚ ਕਿਸੇ ਦੀ ਕੋਈ ਝੁੱਗੀ ਨਹੀਂ ਢਾਹੀ ਜਾਵੇਗੀ ਤੇ ਨਾ ਕੋਈ ਲੋਕ ਭਲਾਈ ਸਕੀਮ ਬੰਦ ਹੋਵੇਗੀ। ਭਾਜਪਾ ਦੀ ਜਿੱਤ ਬਾਰੇ ਵਿਸ਼ਵਾਸ ਜ਼ਾਹਰ ਕਰਦਿਆਂ ਮੋਦੀ ਨੇ ਕਿਹਾਤੁਸੀਂ ਇਹ ਗੱਲ ਨੋਟ ਕਰ ਲਓ ਕਿ 8 ਫਰਵਰੀ ਨੂੰ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਤੇ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਤੱਕ ਮਹਿਲਾਵਾਂ ਨੂੰ 2500 ਰੁਪਏ ਮਿਲਣੇ ਸ਼ੁਰੂ ਹੋ ਜਾਣਗੇ।