6.4 C
Jalandhar
Friday, February 7, 2025
spot_img

ਦਿੱਲੀ ’ਚ ਪੰਜਾਬ ਦੇ ਪੱਤਰਕਾਰਾਂ ਨੂੰ ਹਿਰਾਸਤ ’ਚ ਲੈਣ ’ਤੇ ਮੁੱਖ ਚੋਣ ਕਮਿਸ਼ਨਰ ਕੋਲ ਸਖਤ ਪ੍ਰੋਟੈੱਸਟ

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਨੇ ਬੀਤੇ ਕੱਲ੍ਹ ਨਵੀਂ ਦਿੱਲੀ ਵਿੱਚ ਵਾਪਰੀ ਸ਼ਰਮਨਾਕ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ, ਜਿੱਥੇ ਦਿੱਲੀ ਵਿਧਾਨ ਸਭਾ ਚੋਣਾਂ ਦੀ ਕਵਰੇਜ ਕਰ ਰਹੇ ਪੰਜਾਬ ਦੇ ਪੱਤਰਕਾਰਾਂ ਨੂੰ ਦਿੱਲੀ ਪੁਲਸ ਵੱਲੋਂ ਤੁਗਲਕ ਰੋਡ ਪੁਲਸ ਥਾਣੇ ਵਿੱਚ ਗੈਰ-ਕਾਨੂੰਨੀ ਤੌਰ ’ਤੇ 8 ਘੰਟੇ ਲਈ ਰੱਖਿਆ ਗਿਆ।ਇਸ ਮੰਦਭਾਗੀ ਘਟਨਾ ਨੂੰ ਜਮਹੂਰੀ ਨਿਯਮਾਂ ਦੇ ਨਾਂਅ ’ਤੇ ਧੱਬਾ ਦੱਸਦਿਆਂ ਅਤੇ ਚੋਣਾਂ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਲਈ ਪੁਖਤਾ ਸੁਰੱਖਿਆ ਦੀ ਮੰਗ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਦੇ ਚੇਅਰਮੈਨ ਅਸ਼ਵਨੀ ਚਾਵਲਾ ਨੇ ਕਿਹਾ ਕਿ ਕਮੇਟੀ ਨੇ ਮੁੱਖ ਚੋਣ ਕਮਿਸ਼ਨਰ, ਨਵੀਂ ਦਿੱਲੀ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਚਾਵਲਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਪੱਤਰਕਾਰਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੀ ਕਵਰੇਜ ਕਰਨ ਸਮੇਂ ਪਤਾ ਲੱਗਾ ਕਿ ਇੱਕ ਰਾਜਨੀਤਿਕ ਸੰਗਠਨ ਦੇ ਮੈਂਬਰਾਂ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਰਾਬ ਅਤੇ ਹੋਰ ਸਮੱਗਰੀ ਵੰਡੀ ਜਾ ਰਹੀ ਸੀ, ਜੋ ਆਦਰਸ਼ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਉਲੰਘਣਾ ਹੈ।ਆਪਣੀ ਪੱਤਰਕਾਰੀ ਡਿਊਟੀ ਦੇ ਹਿੱਸੇ ਵਜੋਂ ਪੱਤਰਕਾਰਾਂ ਨੇ ਜਦੋਂ ਉਕਤ ਘਟਨਾ ਨੂੰ ਕਵਰ ਕਰਨਾ ਸ਼ੁਰੂ ਕੀਤਾ ਤਾਂ ਸ਼ਰਾਰਤੀ ਤੱਤਾਂ ਨੇ ਇਤਰਾਜ਼ ਜਤਾਇਆ, ਜੋ ਪੰਜਾਬ ਦੇ ਪੱਤਰਕਾਰਾਂ ਨਾਲ ਸਰਾਸਰ ਧੱਕਾ ਹੈ।ਦਿੱਲੀ ਪੁਲਸ ਨੂੰ ਸੂਚਿਤ ਕੀਤਾ ਗਿਆ, ਪਰ ਅਫਸੋਸ ਕਿ ਉਸ ਨੇ ਮੌਕੇ ’ਤੇ ਪਹੁੰਚਣ ਦੀ ਬਜਾਏ ਪੱਤਰਕਾਰਾਂ ਨਾਲ ਦੁਰਵਿਹਾਰ ਕੀਤਾ ਤੇ ਹਿਰਾਸਤ ਵਿੱਚ ਵੀ ਲੈ ਲਿਆ। ਹਿਰਾਸਤ ਵਿੱਚ ਲਏ ਗਏ ਪੱਤਰਕਾਰਾਂ ਵਿੱਚ ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਕਮੇਟੀ ਦਾ ਇੱਕ ਮੈਂਬਰ ਵੀ ਸ਼ਾਮਲ ਸੀ।ਇਹ ਜਾਣਦਿਆਂ ਕਿ ਸਾਰੇ ਪੱਤਰਕਾਰ ਆਪਣੇ ਪਛਾਣ ਪੱਤਰ ਲੈ ਕੇ ਜਾ ਰਹੇ ਸਨ, ਅਜਿਹਾ ਗੈਰ-ਸੱਭਿਅਕ ਵਤੀਰਾ ਕੀਤਾ ਗਿਆ। ਇਸ ਲਈ, ਮੁੱਖ ਚੋਣ ਕਮਿਸ਼ਨਰ ਨੂੰ ਬੇਨਤੀ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਅਜਿਹੀਆਂ ਸ਼ਰਮਨਾਕ ਘਟਨਾਵਾਂ ਦੁਬਾਰਾ ਨਾ ਵਾਪਰਨ।ਅਸ਼ਵਨੀ ਚਾਵਲਾ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਪੁਲਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।ਚੰਡੀਗੜ੍ਹ ਪ੍ਰੈਸ ਕਲੱਬ ਨੇ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

Related Articles

Latest Articles