ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਦੇ ਸਟੈਨੋਗ੍ਰਾਫਰਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਟਰੰਪ ਜਨਤਕ ਭਾਸ਼ਣਾਂ ’ਚ ਏਨਾ ਵੱਧ ਬੋਲ ਰਹੇ ਹਨ ਕਿ ਉਨ੍ਹਾ ਦੇ ਬਿਆਨ ਨੂੰ ਟਾਈਪ ਕਰਨ ਵਿੱਚ ਸਟੈਨੋਗ੍ਰਾਫਰਾਂ ਦੀ ਹਾਲਤ ਖਰਾਬ ਹੋ ਰਹੀ ਹੈ। ਵੈੱਬਸਾਈਟ ‘ਫੈੱਕਟਬੇ ਐੱਸ ਈ’ ਮੁਤਾਬਕ 2021 ਵਿੱਚ ਬਾਇਡਨ ਨੇ ਰਾਸ਼ਟਰਪਤੀ ਦੀ ਸਹੁੰ ਚੁੱਕਣ ਦੇ ਬਾਅਦ ਪਹਿਲੇ ਹਫਤੇ ’ਚ ਕੈਮਰੇ ਅੱਗੇ 24259 ਸ਼ਬਦ ਬੋਲੇ ਸਨ ਤੇ ਉਨ੍ਹਾ ਨੂੰ 2 ਘੰਟੇ 36 ਮਿੰਟ ਲੱਗੇ ਸਨ। ਟਰੰਪ ਇੱਕ ਹਫਤੇ ’ਚ 81235 ਸ਼ਬਦ ਬੋਲ ਚੁੱਕੇ ਹਨ ਤੇ ਏਨੇ ਸ਼ਬਦ ਬੋਲਣ ਵਿੱਚ ਉਨ੍ਹਾ ਨੂੰ 7 ਘੰਟੇ 44 ਮਿੰਟ ਲੱਗੇ। ਅੱਠ ਸਾਲ ਪਹਿਲਾਂ ਪਹਿਲੀ ਵਾਰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਬਾਅਦ ਪਹਿਲੇ ਹਫਤੇ ’ਚ ਟਰੰਪ ਨੇ 33571 ਸ਼ਬਦ ਤਿੰਨ ਘੰਟੇ 41 ਮਿੰਟ ’ਚ ਬੋਲੇ ਸਨ। ਸੂਤਰਾਂ ਮੁਤਾਬਕ ਕੰਮ ਦਾ ਬੋਝ ਵਧਣ ਕਾਰਨ ਵ੍ਹਾਈਟ ਹਾਊਸ ਹੋਰ ਸਟੈਨੋਗ੍ਰਾਫਰ ਭਰਤੀ ਕਰਨ ’ਤੇ ਵਿਚਾਰ ਕਰ ਰਿਹਾ ਹੈ।