ਰਾਜ ਸਭਾ ’ਚ ਆਮ ਆਦਮੀ ਪਾਰਟੀ ਦੇ ਮੈਂਬਰ ਸੰਜੀਵ ਅਰੋੜਾ ਦੇ ਸਵਾਲ ਦੇ ਜਵਾਬ ’ਚ ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਦੇਸ਼ ਦੇ ਪ੍ਰਮੁੱਖ ਕਾਲਜ-ਹਸਪਤਾਲਾਂ ‘ਆਲ ਇੰਡੀਆ ਇੰਸਟੀਚਿਊਟਸ ਆਫ ਮੈਡੀਕਲ ਸਾਇੰਸਿਜ਼’ (ਏਮਜ਼) ਵਿੱਚ ਖਾਲੀ ਪਏ ਅਹੁਦਿਆਂ ਦੇ ਜਿਹੜੇ ਅੰਕੜੇ ਦਿੱਤੇ, ਉਹ ਦਰਸਾਉਦੇ ਹਨ ਕਿ ਸਰਕਾਰ ਕਿੰਨੀ ਲਾਪ੍ਰਵਾਹ ਹੈ। ਇਸ ਵੇਲੇ ਪੂਰੀ ਤਰ੍ਹਾਂ ਚੱਲ ਰਹੇ ਸੱਤਾਂ ਏਮਜ਼ ’ਚ ਪ੍ਰੋਫੈਸਰਾਂ ਦੀਆਂ ਪ੍ਰਵਾਨਤ ਪੋਸਟਾਂ ਵਿੱਚੋਂ 23 ਫੀਸਦੀ ਤੋਂ 38 ਫੀਸਦੀ ਪੋਸਟਾਂ ਖਾਲੀ ਹਨ। ਇਹ ਏਮਜ਼ ਦਿੱਲੀ, ਭੋਪਾਲ, ਭੁਬਨੇਸ਼ਵਰ, ਜੋਧਪੁਰ, ਪਟਨਾ, ਰਾਇਪੁਰ ਤੇ ਰਿਸ਼ੀਕੇਸ਼ ਵਿੱਚ ਚੱਲ ਰਹੇ ਹਨ। ਏਮਜ਼ ਦਿੱਲੀ ’ਚ ਪ੍ਰਵਾਨਤ ਪੋਸਟਾਂ 1235 ਹਨ ਤੇ ਇਨ੍ਹਾਂ ਵਿੱਚੋਂ 425 (34 ਫੀਸਦੀ) ਖਾਲੀ ਹਨ। ਇਹ ਹਾਲਤ ਅਗਸਤ 2023 ਨਾਲੋਂ ਵੀ ਮਾੜੀ ਹੈ, ਜਦੋਂ ਪ੍ਰਵਾਨਤ ਪੋਸਟਾਂ 1131 ਸਨ ਤੇ ਖਾਲੀ 227 (20 ਫੀਸਦੀ) ਸਨ। ਜੋਧਪੁਰ ’ਚ 305 ਵਿੱਚੋਂ 85 ਖਾਲੀ ਹਨ, ਜਦੋਂ ਕਿ 2023 ਵਿੱਚ 81 ਖਾਲੀ ਸਨ। ਰਿਸ਼ੀਕੇਸ਼ ਵਿੱਚ 355 ਵਿੱਚੋਂ 141 (39 ਫੀਸਦੀ) ਖਾਲੀ ਹਨ, ਜਦੋਂ ਕਿ 2023 ਵਿੱਚ 305 ਵਿੱਚੋਂ 105 (34 ਫੀਸਦੀ) ਖਾਲੀ ਸਨ। ਕਲਿਆਣੀ ’ਚ ਬਣਾਏ ਗਏ ਏਮਜ਼ ਲਈ 259 ਪੋਸਟਾਂ ਪ੍ਰਵਾਨਤ ਹਨ ਤੇ ਇਨ੍ਹਾਂ ਵਿੱਚੋਂ ਕੋਈ ਨਹੀਂ ਭਰੀ ਗਈ। ਏਮਜ਼ ਭੁਬਨੇਸ਼ਵਰ ’ਚ ਪ੍ਰਵਾਨਤ 315 ਵਿੱਚੋਂ 78, ਰਾਇਪੁਰ ’ਚ ਪ੍ਰਵਾਨਤ 305 ਵਿੱਚੋਂ 117, ਪਟਨਾ ’ਚ ਪ੍ਰਵਾਨਤ 305 ਵਿੱਚੋਂ 81 ਪੋਸਟਾਂ ਖਾਲੀ ਹਨ। ਪ੍ਰੋਫੈਸਰਾਂ ਹੀ ਨਹੀਂ, ਗੈਰ-ਪ੍ਰੋਫੈਸਰਾਂ ਦੀਆਂ ਪੋਸਟਾਂ ਦਾ ਵੀ ਇਹੀ ਹਾਲ ਹੈ। ਮਸਲਨ ਦਿੱਲੀ ਏਮਜ਼ ਵਿਚ ਇਨ੍ਹਾਂ ਦੀਆਂ ਪ੍ਰਵਾਨਤ 14300 ਪੋਸਟਾਂ ਵਿੱਚੋਂ 2242 ਤੇ ਕਲਿਆਣੀ ’ਚ 1527 ਵਿੱਚੋਂ 615 ਖਾਲੀ ਸਨ।
ਸਰਕਾਰ ਨੇ ਇਹ ਜਵਾਬ 2025-26 ਦਾ ਕੇਂਦਰੀ ਬਜਟ ਪੇਸ਼ ਕਰਨ ਤੋਂ ਤਿੰਨ ਦਿਨ ਬਾਅਦ ਦਿੱਤਾ। ਬਜਟ ਵਿੱਚ ਕਿਹਾ ਗਿਆ ਸੀ ਕਿ ਅਗਲੇ ਪੰਜ ਸਾਲਾਂ ਵਿੱਚ 75 ਹਜ਼ਾਰ ਹੋਰ ਮੈਡੀਕਲ ਸੀਟਾਂ ਕਾਇਮ ਕੀਤੀਆਂ ਜਾਣਗੀਆਂ। ਮੈਡੀਕਲ ਮਾਹਰਾਂ ਦਾ ਕਹਿਣਾ ਹੈ ਕਿ ਜੇ ਲੋੜੀਂਦੇ ਪ੍ਰੋਫੈਸਰ ਤੇ ਦੂਜੇ ਮੁਲਾਜ਼ਮ ਨਿਯੁਕਤ ਨਾ ਕੀਤੇ ਗਏ ਤਾਂ ਏਨੀਆਂ ਹੋਰ ਸੀਟਾਂ ਕਾਇਮ ਕਰਨ ਨਾਲ ਮੈਡੀਕਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਹੋਰ ਸੱਤਿਆਨਾਸ ਹੋਵੇਗਾ।