ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ (ਅਰਾਨੈਤਿਕ) ਦੇ ਸੱਦੇ ’ਤੇ ਲਖੀਮਪੁਰ ਖੀਰੀ ਕਾਂਡ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੀ ਗਿ੍ਰਫਤਾਰੀ, ਬਿਜਲੀ ਬਿੱਲ ਰੱਦ ਕਰਨ, ਐੱਮ ਐੱਸ ਪੀ ਨੂੰ ਕਾਨੂੰਨੀ ਜਾਮਾ ਪਹਿਨਾਉਣ, ਕਿਸਾਨਾਂ ’ਤੇ ਦਰਜ ਮੁਕੱਦਮੇ ਵਾਪਸ ਲੈਣ ਸਮੇਤ ਕਈ ਮੰਗਾਂ ਨੂੰ ਲੈ ਕੇ ਸੋਮਵਾਰ ਕਿਸਾਨਾਂ ਨੇ ਇਥੇ ਜੰਤਰ-ਮੰਤਰ ’ਤੇ ਮਹਾਪੰਚਾਇਤ ਕੀਤੀ। ਦਿੱਲੀ ਵੱਲੋਂ ਕੀਤੀਆਂ ਪੇਸ਼ਬੰਦੀਆਂ ਦੇ ਬਾਵਜੂਦ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਕੇਰਲਾ, ਕਰਨਾਟਕ ਆਦਿ ਰਾਜਾਂ ਤੋਂ ਕਿਸਾਨ ਯੂਨੀਅਨਾਂ ਦੇ ਕਾਰਕੁੰਨ ਪਹੁੰਚੇ। ਮਹਾਪੰਚਾਇਤ ਤੋਂ ਪਹਿਲਾਂ ਗਾਜੀਪੁਰ ਬਾਰਡਰ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਮੋਰਚੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਕੁਝ ਟਿਕਾਣਿਆਂ ’ਤੇ ਜੰਤਰ ਮੰਤਰ ਵੱਲ ਵਧ ਰਹੇ ਕਿਸਾਨਾਂ ਨੂੰ ਰੋਕਿਆ ਗਿਆ। ਪ੍ਰਬੰਧਕਾਂ ’ਚੋਂ ਇਕ ਅਭਿਮੰਨਿਊ ਸਿੰਘ ਕੋਹਾੜ ਨੇ ਕਿਹਾ ਕਿ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਆ ਰਹੇ ਕਿਸਾਨਾਂ ਨੂੰ ਐਤਵਾਰ ਰਾਤ ਨੂੰ ਰੋਕਿਆ ਗਿਆ। ਉਨ੍ਹਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ, ਰਕਾਬਗੰਜ ਤੇ ਮੋਦੀ ਬਾਗ ਲਿਜਾਇਆ ਗਿਆ ਤੇ ਮਗਰੋਂ ਰਿਹਾਅ ਕਰ ਦਿੱਤਾ। ਸੰਯੁਕਤ ਕਿਸਾਨ ਮੋਰਚਾ (ਅਰਾਜਨੈਤਿਕ) ਦਿੱਲੀ ਦੀਆਂ ਬਰੂਹਾਂ ’ਤੇ ਸਾਲ ਤੋਂ ਵੱਧ ਸਮਾਂ ਅੰਦੋਲਨ ਚਲਾਉਣ ਵਾਲੇ ਸੰਯੁਕਤ ਕਿਸਾਨ ਮੋਰਚੇ ਨਾਲੋਂ ਅੱਡ ਹੋਇਆ ਸੰਗਠਨ ਹੈ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਮਹਾਪੰਚਾਇਤ ਦਾ ਹਿੱਸਾ ਨਹੀਂ। ਇਹ ਬੀ ਕੇ ਯੂ ਏਕਤਾ ਸਿੱਧੂਪੁਰ ਦੇ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਹੋਈ ਹੈ।