ਹੈਦਰਾਬਾਦ : ਤੇਲੰਗਾਨਾ ਦੇ ਮੰਤਰੀ ਜੁਪੱਲੀ ਕਿ੍ਰਸ਼ਨਾ ਰਾਓ ਨੇ ਸੋਮਵਾਰ ਕਿਹਾ ਕਿ ਦੋ ਦਿਨ ਪਹਿਲਾਂ ਐੱਸ ਐੱਲ ਬੀ ਸੀ ਸੁਰੰਗ ਦੇ ਅੰਸ਼ਕ ਤੌਰ ’ਤੇ ਡਿੱਗਣ ਤੋਂ ਬਾਅਦ ਫਸੇ ਅੱਠ ਵਿਅਕਤੀਆਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ, ਹਾਲਾਂਕਿ ਉਨ੍ਹਾਂ ਤੱਕ ਪਹੁੰਚਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾ ਦੱਸਿਆ ਕਿ ਰੈਟ ਮਾਈਨਰਜ਼ ਇੱਕ ਟੀਮ, ਜਿਸ ਨੇ 2023 ਵਿੱਚ ਉੱਤਰਾਖੰਡ ’ਚ ਸਿਲਕਿਆਰਾ ਮੋੜ-ਬਰਕੋਟ ਸੁਰੰਗ ਵਿੱਚ ਫਸੇ ਉਸਾਰੀ ਮਜ਼ਦੂਰਾਂ ਨੂੰ ਬਚਾਇਆ ਸੀ, ਬਚਾਅ ਟੀਮਾਂ ਵਿੱਚ ਸ਼ਾਮਲ ਹੋ ਗਈ ਹੈ। ਮੰਤਰੀ ਨੇ ਕਿਹਾਫਸੇ ਵਿਅਕਤੀਆਂ ਨੂੰ ਬਚਾਉਣ ਵਿੱਚ ਘੱਟੋ-ਘੱਟ ਤਿੰਨ ਤੋਂ ਚਾਰ ਦਿਨ ਲੱਗਣਗੇ, ਕਿਉਂਕਿ ਹਾਦਸੇ ਵਾਲੀ ਥਾਂ ਮਿੱਟੀ ਅਤੇ ਮਲਬੇ ਨਾਲ ਭਰੀ ਹੋਈ ਹੈ, ਜਿਸ ਕਾਰਨ ਬਚਾਅ ਟੀਮਾਂ ਨੂੰ ਮੁਸ਼ਕਲ ਆ ਰਹੀ ਹੈ। ਇਮਾਨਦਾਰੀ ਨਾਲ ਕਹਾਂ ਤਾਂ ਉਨ੍ਹਾਂ ਦੇ ਬਚਣ ਦੀਆਂ ਸੰਭਾਵਨਾਵਾਂ ਬਹੁਤ ਦੂਰ ਹਨ, ਕਿਉਂਕਿ ਮੈਂ ਖੁਦ ਸਿਰੇ ਤੱਕ ਗਿਆ ਸੀ। ਲਗਭਗ 50 ਮੀਟਰ ਦੀ ਦੂਰੀ ’ਤੇ ਜਦੋਂ ਅਸੀਂ ਫੋਟੋਆਂ ਖਿੱਚੀਆਂ ਤਾਂ (ਸੁਰੰਗ ਦਾ) ਸਿਰਾ ਦਿਖਾਈ ਦੇ ਰਿਹਾ ਸੀ। ਜਦੋਂ ਅਸੀਂ ਉਨ੍ਹਾਂ ਦੇ ਨਾਂਅ ਲੈ ਕੇ ਰੌਲਾ ਪਾਇਆ ਤਾਂ ਕੋਈ ਜਵਾਬ ਨਹੀਂ ਆਇਆ, ਇਸ ਲਈ ਕੋਈ ਮੌਕਾ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ 48 ਘੰਟਿਆਂ ਤੋਂ ਟੁੱਟੀ ਸੁਰੰਗ ਵਿੱਚ ਫਸੇ ਵਿਅਕਤੀਆਂ ਦੀ ਪਛਾਣ ਮਨੋਜ ਕੁਮਾਰ, ਸ੍ਰੀਨਿਵਾਸ (ਯੂ ਪੀ), ਸੰਨੀ ਸਿੰਘ (ਜੰਮੂ-ਕਸ਼ਮੀਰ), ਗੁਰਪ੍ਰੀਤ ਸਿੰਘ (ਪੰਜਾਬ) ਅਤੇ ਸੰਦੀਪ ਸਾਹੂ, ਜੇਗਤਾ ਐਕਸ, ਸੰਤੋਸ਼ ਸਾਹੂ ਤੇ ਅਨੁਜ ਸਾਹੂ (ਝਾਰਖੰਡ) ਵਜੋਂ ਹੋਈ ਹੈ। ਅੱਠਾਂ ਵਿੱਚੋਂ ਦੋ ਇੰਜੀਨੀਅਰ, ਦੋ ਅਪਰੇਟਰ ਅਤੇ ਚਾਰ ਮਜ਼ਦੂਰ ਹਨ। ਐਂਡੋਸਕੋਪਿਕ ਅਤੇ ਰੋਬੋਟਿਕ ਕੈਮਰੇ ਨੂੰ ਬਚਾਅ ਕਾਰਜ ਲਈ ਨਾਗਰਕੁਰਨੂਲ ਸੁਰੰਗ ਵਿੱਚ ਲਿਆਂਦਾ ਗਿਆ ਹੈ। ਅਪਰੇਸ਼ਨ ਵਿੱਚ ਸਹਾਇਤਾ ਲਈ ਡਾਗ ਸਕੁਐਡ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਐੱਲ ਐਂਡ ਟੀ ਦੇ ਐਂਡੋਸਕੋਪਿਕ ਅਪਰੇਟਰ ਦੌਦੀਪ ਨੇ ਕਿਹਾਐਂਡੋਸਕੋਪਿਕ ਕੈਮਰੇ ਦੇ ਜ਼ਰੀਏ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਇਸ ਰੈਸਕਿਊ ਅਪਰੇਸ਼ਨ ਦੌਰਾਨ ਸੁਰੰਗ ਦੇ ਅੰਦਰ ਕੀ ਹੋ ਰਿਹਾ ਹੈ। ਦੋ ਟੀਮਾਂ ਐਂਡੋਸਕੋਪਿਕ ਅਤੇ ਰੋਬੋਟਿਕ ਕੈਮਰੇ ਲੈ ਕੇ ਆਈਆਂ ਹਨ। ਫੋਰਸ ਫਿਲਹਾਲ ਸੁਰੰਗ ਦੇ ਅੰਦਰ ਜਮ੍ਹਾਂ ਪਾਣੀ ਨੂੰ ਕੱਢਣ ਲਈ ਕੰਮ ਕਰ ਰਹੀ ਹੈ।


