ਉਸਾਰੀ ਕਿਰਤੀ ਲਾਭਪਾਤਰੀਆਂ ਦੀਆਂ ਮੁਸ਼ਕਲਾਂ ਤੁਰੰਤ ਹੱਲ ਕਰਨ ਦੇ ਭਰੋਸੇ ’ਤੇ 27 ਦਾ ਧਰਨਾ ਮੁਲਤਵੀ

0
105

ਮੋਹਾਲੀ : ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ (ਏਟਕ) ਵੱਲੋਂ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਅਤੇ ਲਾਭਪਾਤਰੀਆਂ ਦੇ ਉਹਨਾਂ ਦੇ ਬਣਦੇ ਹੱਕ ਦਵਾਉਣ ਲਈ 27 ਫਰਵਰੀ ਨੂੰ ਲੇਬਰ ਕਮਿਸ਼ਨਰ ਦੇ ਦਫਤਰ ਮੂਹਰੇ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸ਼ਰਮਾ, ਏਟਕ ਦੇ ਡਿਪਟੀ ਜਨਰਲ ਸਕੱਤਰ ਅਮਰਜੀਤ ਆਸਲ ਅਤੇ ਸਕੱਤਰ ਜੈਪਾਲ ਸਿੰਘ ਨੇ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਉਹਨਾਂ ਨੂੰ ਸੋਮਵਾਰ ਮੀਟਿੰਗ ਕਰਨ ਦਾ ਸੱਦਾ ਦਿੱਤਾ ਗਿਆ ਸੀ ਅਤੇ ਕਿਰਤ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਯੂਨੀਅਨ ਦੀ ਵਧੀਆ ਮਾਹੌਲ ਵਿੱਚ ਮੀਟਿੰਗ ਹੋਈ। ਯੂਨੀਅਨ ਵੱਲੋਂ ਮੰਗਾਂ ਦੇ ਆਧਾਰ ’ਤੇ ਪਹਿਲਾਂ ਦਿੱਤੇ ਮੰਗ ਪੱਤਰ ਨੋਟਿਸ ਨੂੰ ਅਫਸਰਾਂ ਵੱਲੋਂ ਸੰਜੀਦਗੀ ਨਾਲ ਲਿਆ ਗਿਆ। ਉਹਨਾਂ ਵਿਸ਼ਵਾਸ ਦਿਵਾਇਆ ਕਿ ਉਹਨਾਂ ਵੱਲੋਂ ਰੱਖੇ ਗਏ ਉਸਾਰੀ ਕਿਰਤੀਆਂ ਦੇ ਮਸਲੇ ਜਾਇਜ਼ ਹਨ ਅਤੇ ਇਹ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ, ਜਿਸ ਨੂੰ ਮੁੱਖ ਰੱਖਦਿਆਂ 27 ਫਰਵਰੀ ਨੂੰ ਸੂਬਾ ਪੱਧਰੀ ਦਿੱਤਾ ਜਾਣ ਵਾਲਾ ਕਿਰਤ ਕਮਿਸ਼ਨਰ ਦੇ ਦਫਤਰ ਸਾਹਮਣੇ ਧਰਨਾ ਹੁਣ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ, ਪਰੰਤੂ ਜੇਕਰ ਭਰੋਸਾ ਦਿਵਾਉਣ ਦੇ ਅਮਲ ਨੂੰ ਮੱਠਾ ਕੀਤਾ ਗਿਆ ਤਾਂ ਫਿਰ ਨਵਾਂ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਜਾਵੇਗਾ। ਮੋਟੇ ਰੂਪ ਵਿੱਚ ਮੀਟਿੰਗ ਵਿੱਚ ਹੋਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਲੰਮੇ ਸਮੇਂ ਤੋਂ ਹਜ਼ਾਰਾਂ ਕੇਸ, ਜੋ ਐੱਕਸ ਗਰੇਸ਼ੀਆ ਸਕੀਮ ਅਧੀਨ ਪੈਂਡਿੰਗ ਪਏ ਹਨ, ਉਹਨਾਂ ਨੂੰ ਬੋਰਡ ਦੀ ਸਾਈਟ ਚੱਲਣ ਦੇ 15 ਦਿਨਾਂ ਦੇ ਅੰਦਰ-ਅੰਦਰ ਹੱਲ ਕਰਕੇ ਪੈਸਿਆਂ ਦੀ ਰਾਸ਼ੀ ਲਾਭਪਾਤਰੀ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਮੀਟਿੰਗ ਵਿੱਚ ਇਹ ਵੀ ਪਾਸ ਕੀਤਾ ਗਿਆ ਕਿ ਸੂਬਾ ਭਰ ਦੇ ਸਾਰੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਅਤੇ ਪਿ੍ਰੰਸੀਪਲਾਂ ਨੂੰ ਲਿਖਤੀ ਪੱਤਰ ਜਾਰੀ ਕਰਕੇ ਹਦਾਇਤ ਕਰ ਦਿੱਤੀ ਜਾਵੇਗੀ ਕਿ ਉਸਾਰੀ ਕਿਰਤੀ ਦਾ ਵਿਦਿਆਰਥੀ ਹੋਰ ਵਜ਼ੀਫੇ ਦੇ ਨਾਲ ਵੀ ਵਜ਼ੀਫਾ ਲੈ ਸਕਦਾ ਹੈ, ਕਿਉਕਿ ਉਸਾਰੀ ਕਿਰਤੀ ਦੇ ਬੱਚੇ ਨੂੰ ਬੋਰਡ ਵਜ਼ੀਫਾ ਦੇਣ ਦਾ ਪਾਬੰਦ ਹੈ।
ਆਗੂਆਂ ਕਿਹਾ ਕਿ ਮਿ੍ਰਤਕ ਲਾਭਪਾਤਰੀ ਦੀ ਅਗਰ ਗਰੇਸ ਪੀਰੀਅਡ ਵਿੱਚ ਮੌਤ ਹੁੰਦੀ ਹੈ ਤਾਂ ਮਨਜ਼ੂਰੀ ਲਈ ਪਿ੍ਰੰਸੀਪਲ ਸਕੱਤਰ ਲੇਬਰ ਪੰਜਾਬ ਸਰਕਾਰ ਤੋਂ ਲੈਣ ਦੀ ਲਾਈ ਸ਼ਰਤ ਨੂੰ ਬੋਰਡ ਦੀ ਅਗਲੀ ਮੀਟਿੰਗ ਵਿੱਚ ਵਾਪਸ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਆਗੂਆਂ ਦੱਸਿਆ ਕਿ ਕਿਰਤ ਕਮਿਸ਼ਨਰ ਨੂੰ ਜਾਣੂ ਕਰਵਾ ਕੇ ਮੰਗ ਕੀਤੀ ਗਈ ਸੀ ਕਿ ਫਾਰਮ ਨੰਬਰ 27 ਆਟੋਪੈਚ ਸੰਬੰਧੀ ਹੋਏ ਫੈਸਲੇ ਨੂੰ ਲਾਗੂ ਕਰਨ, ਰਜਿਸਟਰੇਸ਼ਨ ਅਤੇ ਕਾਪੀ ਨਵੀਂ ਕਰਵਾਉਣ ਲਈ ਆ ਰਹੀਆਂ ਦਿੱਕਤਾਂ ਅਤੇ ਗੈਰ-ਵਾਜਿਬ ਲਗਾਏ ਜਾ ਰਹੇ ਇਤਰਾਜ਼ਾਂ ਨੂੰ ਤੁਰੰਤ ਦੂਰ ਕਰਨ ਦੀ ਮੰਗ ਦੇ ਅਮਲ ਨੂੰ ਵੀ ਮੰਨ ਲਿਆ ਗਿਆ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਭਰਪੂਰ ਸਿੰਘ ਬੁੱਲਾਂਪੁਰ, ਸੂਬਾ ਖਜ਼ਾਨਚੀ ਪ੍ਰਦੀਪ ਚੀਮਾ, ਸੂਬਾ ਕਮੇਟੀ ਮੈਂਬਰ ਦਸਵਿੰਦਰ ਕੌਰ ਅੰਮਿ੍ਰਤਸਰ, ਰਵੀ ਦੱਤ, ਸੁਰਿੰਦਰ ਭੈਣੀ ਤੇ ਐਡਵੋਕੇਟ ਪਰਮੀਤ ਕੁਮਾਰ ਫਾਜ਼ਿਲਕਾ ਮੌਜੂਦ ਸਨ।