ਬਾਬਾ ਸਾਹਿਬ ਦੀ ਤਸਵੀਰ ਨੂੰ ਲੈ ਕੇ ਦਿੱਲੀ ਤੇ ਪੰਜਾਬ ਦੀਆਂ ਅਸੰਬਲੀਆਂ ’ਚ ਹੰਗਾਮੇ

0
117

ਨਵੀਂ ਦਿੱਲੀ : ਦਿੱਲੀ ਅਸੈਂਬਲੀ ਦੇ ਸਪੀਕਰ ਵਿਜੈਂਦਰ ਗੁਪਤਾ ਨੇ ਮੰਗਲਵਾਰ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਸਣੇ ਆਮ ਆਦਮੀ ਪਾਰਟੀ ਦੇ 14 ਵਿਧਾਇਕਾਂ ਨੂੰ ਪੂਰੇ ਦਿਨ ਲਈ ਮੁਅੱਤਲ ਕਰ ਦਿੱਤਾ ਹੈ। ‘ਆਪ’ ਵਿਧਾਇਕ ਸੰਵਿਧਾਨ ਨਿਰਮਾਤਾ ਬੀ ਆਰ ਅੰਬੇਡਕਰ ਦੀ ਤਸਵੀਰ ਮੁੱਖ ਮੰਤਰੀ ਦਫਤਰ ’ਚੋਂ ਹਟਾਉਣ ਖਿਲਾਫ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਦੇ ਸੰਬੋਧਨ ਦੌਰਾਨ ਨਾਅਰੇਬਾਜ਼ੀ ਕਰ ਰਹੇ ਸਨ। ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾਭਾਜਪਾ ਨੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਹਟਾ ਕੇ ਆਪਣਾ ਅਸਲੀ ਰੰਗ ਦਿਖਾ ਦਿੱਤਾ ਹੈ। ਕੀ ਭਾਜਪਾ ਮੰਨਦੀ ਹੈ ਕਿ ਮੋਦੀ ਬਾਬਾ ਸਾਹਿਬ ਦੀ ਥਾਂ ਲੈ ਸਕਦੇ ਹਨ?
ਮੁਅੱਤਲ ਕੀਤੇ ‘ਆਪ’ ਵਿਧਾਇਕਾਂ ਨੇ ਅਸੈਂਬਲੀ ਦੇ ਬਾਹਰ ਅੰਬੇਡਕਰ ਦੀ ਤਸਵੀਰ ਨਾਲ ਰੋਸ ਪ੍ਰਦਰਸ਼ਨ ਕੀਤਾ ਅਤੇ ‘ਬਾਬਾ ਸਾਹਿਬ ਕਾ ਯੇ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ’ ਦੇ ਨਾਅਰੇ ਵੀ ਲਾਏ। ਪੰਜਾਬ ਅਸੈਂਬਲੀ ਵਿੱਚ ਵੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਲੀ ਦੇ ਮੁੱਖ ਮੰਤਰੀ ਦਫਤਰ ਤੋਂ ਅੰਬੇਡਕਰ ਦੀ ਤਸਵੀਰ ਹਟਾਉਣ ਦੀ ਨਿੰਦਾ ਕੀਤੀ ਅਤੇ ਇਸ ਨੂੰ ਲੈ ਕੇ ਪ੍ਰਸਤਾਵ ਲਿਆਉਣ ਦੀ ਮੰਗ ਕੀਤੀ। ਦਿਲਚਸਪ ਗੱਲ ਇਹ ਸੀ ਕਿ ਇਸ ਮਾਮਲੇ ’ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪ ਸਰਕਾਰ ਦਾ ਸਮਰਥਨ ਕੀਤਾ।