ਜੰਮੂ-ਕਸ਼ਮੀਰ ’ਚ ਪਹਿਲੀ ਈ-ਐੱਫ ਆਈ ਆਰ

0
104

ਅਵੰਤੀਪੁਰਾ : ਡਿਜੀਟਲ ਪੁਲੀਸਿੰਗ ਵੱਲ ਇੱਕ ਕਦਮ ਚੁੱਕਦੇ ਹੋਏ ਪੁਲਸ ਸਟੇਸ਼ਨ ਖੇਰੂ ਨੇ ਇੱਕ ਈਮੇਲ ਰਾਹੀਂ ਸ਼ਿਕਾਇਤ ਦੇ ਬਾਅਦ ਆਪਣੀ ਪਹਿਲੀ ਈ-ਐੱਫ ਆਈ ਆਰ ਦਰਜ ਕੀਤੀ ਹੈ। ਮੁਸ਼ਤਾਕ ਅਹਿਮਦ ਭੱਟ ਵਾਸੀ ਨਿਊ ਕਲੋਨੀ ਖੇਰੂ ਨੇ ਇਹ ਸ਼ਿਕਾਇਤ ਆਦਿਲ ਅਹਿਮਦ ਭੱਟ ਅਤੇ ਬਿਲਾਲ ਅਹਿਮਦ ਭੱਟ ਦੋਵੇਂ ਵਾਸੀ ਨਿਊ ਕਲੋਨੀ ਖੇਰੂ ਦੇ ਵਿਰੁੱਧ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਕਥਿਤ ਤੌਰ ’ਤੇ ਉਸ ਦੇ ਪੂਰੇ ਪਰਵਾਰ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗੀਆਂ। ਸ਼ਿਕਾਇਤਕਰਤਾ ਨੇ ਪੀ ਐੱਚ ਸੀ ਖੇਰੂ ਤੋਂ ਇੱਕ ਓ ਪੀ ਡੀ ਟਿਕਟ ਅਤੇ ਸਬੂਤ ਵਜੋਂ ਆਧਾਰ ਕਾਰਡ ਦੀ ਕਾਪੀ ਨਾਲ ਸ਼ਿਕਾਇਤ ਭੇਜੀ।
ਕੇਦਾਰਨਾਥ ਧਾਮ ਦੇ ਕਿਵਾੜ ਦੋ ਮਈ ਨੂੰ ਖੁੱਲ੍ਹਣਗੇ
ਰੁਦਰਪ੍ਰਯਾਗ : ਕੇਦਾਰਨਾਥ ਮੰਦਰ ਦੇ ਕਿਵਾੜ 2 ਮਈ ਨੂੰ ਸਵੇਰੇ 7 ਵਜੇ ਖੁੱਲ੍ਹਣਗੇ। ਇਸ ਐਲਾਨ ਦੇ ਨਾਲ ਹੀ ਗੜ੍ਹਵਾਲ ਹਿਮਾਲਿਆ ਦੇ ਸਾਰੇ ਚਾਰ ਪਵਿੱਤਰ ਸਥਾਨਾਂ ਨੂੰ ਖੋਲ੍ਹਣ ਦੀਆਂ ਤਰੀਕਾਂ ਹੁਣ ਤੈਅ ਹੋ ਗਈਆਂ ਹਨ। ਬਦਰੀਨਾਥ ਧਾਮ 4 ਮਈ, ਜਦਕਿ ਗੰਗੋਤਰੀ ਅਤੇ ਯਮੁਨੋਤਰੀ ਧਾਮ 30 ਅਪ੍ਰੈਲ ਨੂੰ ਅਕਸ਼ੈ ਤਿ੍ਰਤੀਆ ’ਤੇ ਖੁੱਲ੍ਹਣਗੇ। ਇਹ ਚਾਰੇ ਸਥਾਨ ਮਿਲ ਕੇ ਚਾਰ ਧਾਮ ਬਣਾਉਂਦੇ ਹਨ।
ਘੁਸਪੈਠੀਆ ਹਲਾਕ
ਪਠਾਨਕੋਟ : ਬੀ ਐੱਸ ਐੱਫ ਜਵਾਨਾਂ ਨੇ ਬੁੱਧਵਾਰ ਤੜਕੇ ਪਠਾਨਕੋਟ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ ਤਾਸ਼ਪੱਤਣ ਇਲਾਕੇ ’ਚ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ। ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਕਰ ਰਹੇ ਸ਼ਖ਼ਸ ਨੂੰ ਰੁਕਣ ਦੀ ਚੇਤਾਵਨੀ ਦਿੱਤੀ। ਜਦੋਂ ਘੁਸਪੈਠੀਆ ਨਹੀਂ ਰੁਕਿਆ ਤਾਂ ਉਸ ’ਤੇ ਗੋਲੀ ਚਲਾ ਦਿੱਤੀ।
ਬਘੇਲ ਦਾ ਦੌਰਾ ਭਲਕ ਤੋਂ
ਚੰਡੀਗੜ੍ਹ : ਕਾਂਗਰਸ ਵੱਲੋਂ ਪੰਜਾਬ ਮਾਮਲਿਆਂ ਦੇ ਲਾਏ ਗਏ ਨਵੇਂ ਇੰਚਾਰਜ ਭੂਪੇਸ਼ ਬਘੇਲ ਆਪਣਾ ਪਲੇਠਾ ਪੰਜਾਬ ਦੌਰਾ 28 ਫਰਵਰੀ ਨੂੰ ਸ਼ੁਰੂ ਕਰਨਗੇ। ਉਹ ਪੰਜਾਬ ਕਾਂਗਰਸ ਦਾ ਕੰਮ ਸੰਭਾਲਣ ਤੋਂ ਪਹਿਲਾਂ ਸ੍ਰੀ ਅੰਮਿ੍ਰਤਸਰ ਵਿਖੇ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ। ਇਸ ਤੋਂ ਬਾਅਦ ਉਹ ਪਹਿਲੀ ਮਾਰਚ ਨੂੰ ਚੰਡੀਗੜ੍ਹ ਵਿੱਚ ਪਾਰਟੀ ਆਗੂਆਂ ਨਾਲ ਮੀਟਿੰਗਾਂ ਕਰਨਗੇ।