ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਭਾਜਪਾ ’ਤੇ ਚੋਣ ਕਮਿਸ਼ਨ ਦੀ ਮਦਦ ਨਾਲ ਦੂਜੇ ਸੂਬਿਆਂ ਦੇ ਫਰਜ਼ੀ ਵੋਟਰਾਂ ਨੂੰ ਵੋਟਰ ਸੂਚੀਆਂ ਵਿੱਚ ਦਰਜ ਕਰਨ ਦਾ ਦੋਸ਼ ਲਗਾਇਆ। ਉਨ੍ਹਾ ਸੁਧਾਰ ਲਈ ਕਦਮ ਨਾ ਚੁੱਕੇ ਜਾਣ ’ਤੇ ਚੋਣ ਕਮਿਸ਼ਨ ਦੇ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਦੀ ਚੇਤਾਵਨੀ ਦਿੱਤੀ ਹੈ। ਇੱਥੇ ਟੀ ਐੱਮ ਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਵਜੋਂ ਗਿਆਨੇਸ਼ ਕੁਮਾਰ ਦੀ ਨਿਯੁਕਤੀ ’ਤੇ ਵੀ ਸਵਾਲ ਉਠਾਉਂਦੇ ਹੋਏ ਦੋਸ਼ ਲਾਇਆ ਕਿ ਭਾਜਪਾ ਸੰਵਿਧਾਨਕ ਸੰਸਥਾ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾ ਦਾਅਵਾ ਕਰਦਿਆਂ ਕਿਹਾ ਕਿ ਇਹ ਸਪੱਸ਼ਟ ਹੈ, ਭਾਜਪਾ ਚੋਣ ਕਮਿਸ਼ਨ ਦੇ ਸਹਾਰੇ ਵੋਟਰਾਂ ਦੀ ਸੂਚੀ ਵਿੱਚ ਕਿਸ ਤਰ੍ਹਾਂ ਹੇਰਾਫੇਰੀ ਕਰ ਰਹੀ ਹੈ। ਬੈਨਰਜੀ ਨੇ ਚੇਤਾਵਨੀ ਦਿੰਦਿਆਂ ਕਿਹਾਜੇ ਮੈਂ 26 ਦਿਨਾਂ ਦੀ ਭੁੱਖ ਹੜਤਾਲ (2006 ਵਿੱਚ ਜ਼ਮੀਨ ਪ੍ਰਾਪਤੀ ਵਿਰੋਧੀ ਅੰਦੋਲਨ ਦੌਰਾਨ) ਲਈ ਜਾ ਸਕਦੀ ਹਾਂ ਤਾਂ ਅਸੀਂ ਚੋਣ ਕਮਿਸ਼ਨ ਦੇ ਵਿਰੁੱਧ ਵੀ ਅੰਦੋਲਨ ਸ਼ੁਰੂ ਕਰ ਸਕਦੇ ਹਾਂ। ਜੇ ਲੋੜ ਪਈ ਤਾਂ ਅਸੀਂ ਵੋਟਰ ਸੂਚੀਆਂ ਨੂੰ ਠੀਕ ਕਰਨ ਅਤੇ ਜਾਅਲੀ ਵੋਟਰਾਂ ਨੂੰ ਹਟਾਉਣ ਲਈ ਦਬਾਅ ਪਾਉਣ ਲਈ ਚੋਣ ਕਮਿਸ਼ਨ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦੇ ਸਕਦੇ ਹਾਂ।