ਚਮੋਲੀ : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਬਰਫ ਦੇ ਵੱਡੇ-ਵੱਡੇ ਤੋਦੇ ਖਿਸਕਣ ਕਾਰਨ ਸੜਕ ਨਿਰਮਾਣ ਵਿੱਚ ਲੱਗੇ ਸਰਹੱਦੀ ਸੜਕ ਸੰਗਠਨ (ਬਾਰਡਰ ਰੋਡ ਆਰਗੇਨਾਈਜ਼ੇਸ਼ਨ-ਬੀ ਆਰ ਓ) ਦੇ 57 ਮਜ਼ਦੂਰ ਦਬ ਗਏ। 32 ਮਜ਼ਦੂਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ ਅਤੇ ਬਾਕੀ 25 ਨੂੰ ਕੱਢਣ ਦੀਆਂ ਕੋੋਸ਼ਿਸ਼ਾਂ ਜਾਰੀ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਮਜ਼ਦੂਰ ਬਦਰੀਨਾਥ ਲਾਗਲੇ ਪਿੰਡ ਮਾਣਾ ਦੇ ਸਰਹੱਦੀ ਖੇਤਰ ਵਿੱਚ ਕੰਮ ਕਰ ਰਹੇ ਸਨ। ਮਾਣਾ ਪਿੰਡ ਚੀਨ ਵਾਲੇ ਪਾਸੇ ਭਾਰਤ ਦਾ ਆਖਰੀ ਪਿੰਡ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਆਈ ਟੀ ਬੀ ਪੀ ਅਤੇ ਫੌਜ ਦੇ ਜਵਾਨ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ।
ਬੀ ਆਰ ਓ ਦੇ ਕਾਰਜਕਾਰੀ ਇੰਜੀਨੀਅਰ ਸੀ ਆਰ ਮੀਣਾ ਨੇ ਕਿਹਾ ਕਿ ਭਾਰੀ ਬਰਫਬਾਰੀ ਕਾਰਨ ਬਚਾਅਕਾਰੀ ਟੀਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡਿਜ਼ਾਸਟਰ ਮੈਨੇਜਮੈਂਟ ਦੇ ਸੈਕਟਰੀ ਵਿਨੋਦ ਕੁਮਾਰ ਸੁਮਨ ਨੇ ਦੱਸਿਆ ਕਿ ਸਥਿਤੀ ਨਾਜ਼ੁਕ ਹੈ, ਕਿਉਕਿ ਉੱਥੇ 6-7 ਫੁੱਟ ਬਰਫ ਹੈ। 65 ਬੰਦਿਆਂ ਦੀ ਟੀਮ ਬਚਾਉਣ ਦੇ ਜਤਨ ਕਰ ਰਹੀ ਹੈ। ਤਿੰਨ-ਚਾਰ ਐਂਬੂਲੈਂਸਾਂ ਘੱਲੀਆਂ ਗਈਆਂ ਹਨ। ਮਾਣਾ ਦੱਰਾ ਬਦਰੀਨਾਥ ਧਾਮ ਦੇ 52 ਕਿੱਲੋਮੀਟਰ ਉੱਤਰ ਵਿੱਚ ਹੈ ਅਤੇ ਦੇਹਰਾਦੂਨ ਤੋਂ 310 ਕਿੱਲੋਮੀਟਰ ਦੂਰ ਹੈ। ਬਰਫਬਾਰੀ ਤੇ ਮੀਂਹ ਕਰਕੇ ਹਿਮਾਚਲ ਵਿੱਚ ਦੋ ਸੌ ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ ਤੇ ਬਿਜਲੀ-ਪਾਣੀ ਜਿਹੀਆਂ ਜ਼ਰੂਰੀ ਸੇਵਾਵਾਂ ਅਸਰਅੰਦਾਜ਼ ਹੋਈਆਂ ਹਨ। ਕੁੱਲੂ, ਲਾਹੌਰ ਤੇ ਸਪਿਤੀ, ਕਨੌਰ ਅਤੇ ਚੰਬਾ ਜ਼ਿਲ੍ਹਿਆਂ ਦੇ ਕਈ ਇਲਾਕੇ ਬਾਕੀ ਸੂਬੇ ਨਾਲੋਂ ਕੱਟੇ ਗਏ ਹਨ। ਸ਼ਿਮਲਾ ਜ਼ਿਲ੍ਹੇ ਵਿੱਚ ਨਾਰਕੰਡਾ ਨੇੜੇ ਰਾਸ਼ਟਰੀ ਰਾਜਮਾਰਗ 5 (ਹਿੰਦੁਸਤਾਨ-ਤਿੱਬਤ ਰੋਡ) ਬੰਦ ਕਰਨਾ ਪਿਆ। ਜੀਰਾ ਨਾਲਾ ਵਿੱਚ ਇੱਕ ਨਕਲੀ ਝੀਲ ਬਣਨ ਕਾਰਨ ਕੁੱਲੂ ਜ਼ਿਲ੍ਹੇ ’ਚ ਮਨੀਕਰਨ ਘਾਟੀ ਦੇ ਤੋਸ਼ ਪਿੰਡ ਵਿੱਚ ਅਚਾਨਕ ਹੜ੍ਹ ਦੇ ਖਤਰੇ ਕਰਕੇ ਲੋਕ ਦਹਿਸ਼ਤ ਵਿੱਚ ਹਨ। ਨਾਲੇ ਦੇ ਨਾਲ ਹੇਠਲੇ ਪਾਸੇ ਰਹਿੰਦੇ ਲੋਕਾਂ ਨੂੰ ਉਥੋਂ ਕੱਢ ਕੇ ਸੁਰੱਖਿਅਤ ਟਿਕਾਣਿਆਂ ’ਤੇ ਤਬਦੀਲ ਕੀਤਾ ਗਿਆ ਹੈ।





