ਦੇਹਰਾਦੂਨ : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਪਿੰਡ ਮਾਣਾ ਵਿੱਚ ਬਰਫ਼ ਦੇ ਤੋਦਿਆਂ ਹੇਠ ਦੱਬੇ ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀ ਆਰ ਓ) ਦੇ ਚਾਰ ਲਾਪਤਾ ਮਜ਼ਦੂਰਾਂ ਨੂੰ ਲੱਭਣ ਦਾ ਕੰਮ ਐਤਵਾਰ ਸਵੇਰੇ ਮੁੜ ਸ਼ੁਰੂ ਹੋਇਆ ਤੇ ਤਿੰਨ ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਫੌਜ ਨੇ ਬਰਾਮਦ ਕੀਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਬਰਫੀਲੇ ਤੂਫਾਨ ’ਚ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ ਅਤੇ ਬਚਾਅ ਕਰਮੀਆਂ ਵੱਲੋਂ ਰਹਿੰਦੇ ਇੱਕ ਹੋਰ ਮਜ਼ਦੂਰ ਨੂੰ ਲੱਭਣ ਲਈ ਯਤਨ ਜਾਰੀ ਸਨ।
ਸ਼ੁੱਕਰਵਾਰ ਨੂੰ ਮਾਣਾ ਤੇ ਬਦਰੀਨਾਥ ਦਰਮਿਆਨ ਬੀ ਆਰ ਓ ਕੈਂਪ ਦੇ ਬਰਫੀਲੇ ਤੂਫਾਨ ਦੀ ਜ਼ੱਦ ਵਿੱਚ ਆਉਣ ਕਰਕੇ 55 ਵਰਕਰ ਤੋਦਿਆਂ ਹੇਠ ਦੱਬੇ ਜਾਣ ਦੀਆਂ ਰਿਪੋਰਟਾਂ ਸਨ, ਹਾਲਾਂਕਿ ਇਹ ਗਿਣਤੀ ਸੋਧ ਕੇ 54 ਕਰ ਦਿੱਤੀ ਗਈ, ਕਿਉਂਕਿ ਇਨ੍ਹਾਂ ਵਿੱਚੋਂ ਇਕ ਵਰਕਰ, ਜੋ ਹਿਮਾਚਲ ਪ੍ਰਦੇਸ਼ ਨਾਲ ਸੰਬੰਧਤ ਹੈ, ਆਪਣੇ ਸੀਨੀਅਰਾਂ ਨੂੰ ਦੱਸੇ ਬਗੈਰ ਛੁੱਟੀ ’ਤੇ ਸੀ ਅਤੇ ਉਹ ਇਸ ਵੇਲੇ ਆਪਣੇ ਘਰ ਸੁਰੱਖਿਅਤ ਹੈ।





