ਲਖਨਊ : ਬਸਪਾ ਸੁਪਰੀਮੋ ਮਾਇਆਵਤੀ ਨੇ ਆਪਣੇ ਜਾਨਸ਼ੀਨ ਤੇ ਨੈਸ਼ਨਲ ਕੋਆਰਡੀਨੇਟਰ ਭਤੀਜੇ ਆਕਾਸ਼ ਆਨੰਦ ਨੂੰ ਐਤਵਾਰ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ। ਮਾਇਆਵਤੀ ਨੇ ਇੱਥੇ ਪਾਰਟੀ ਦੀ ਕਾਰਜਕਾਰਨੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾ ਕਿਹਾ ਕਿ ਪਾਰਟੀ ਦੇ ਹਿੱਤਾਂ ਵਿੱਚ ਆਕਾਸ਼ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ ਗਿਆ ਹੈ। ਮਾਇਆਵਤੀ ਨੇ ਕੁਝ ਦਿਨ ਪਹਿਲਾਂ ਆਕਾਸ਼ ਦੇ ਸਹੁਰੇ ਤੇ ਸਾਬਕਾ ਰਾਜ ਸਭਾ ਮੈਂਬਰ ਅਸ਼ੋਕ ਸਿਧਾਰਥ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਤੇ ਗੁਟਬਾਜ਼ੀ ਦੇ ਦੋਸ਼ਾਂ ਵਿੱਚ ਪਾਰਟੀ ਵਿੱਚੋਂ ਕੱਢ ਦਿੱਤਾ ਸੀ।
ਬਸਪਾ ਮੁਖੀ ਨੇ ਹੁਣ ਆਪਣੇ ਭਰਾ ਤੇ ਆਕਾਸ਼ ਦੇ ਪਿਤਾ ਆਨੰਦ ਕੁਮਾਰ ਅਤੇ ਰਾਜ ਸਭਾ ਮੈਂਬਰ ਰਾਮਜੀ ਗੌਤਮ ਨੂੰ ਕੌਮੀ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਆਨੰਦ ਕੁਮਾਰ ਦਿੱਲੀ ਵਿੱਚ ਰਹਿ ਕੇ ਸਰਗਰਮੀ ਕਰਨਗੇ, ਜਦਕਿ ਗੌਤਮ ਦੇਸ਼ ਭਰ ਵਿੱਚ ਪਾਰਟੀ ਹਮਾਇਤੀਆਂ ਨਾਲ ਸੰਪਰਕ ਕਰਨਗੇ। ਯੂ ਪੀ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹੁਣ ਉਸ ਦੇ ਜਿਊਂਦੇ ਜੀਅ ਪਾਰਟੀ ਵਿੱਚ ਕੋਈ ਜਾਨਸ਼ੀਨ ਨਹੀਂ ਹੋਵੇਗਾ। ਉਨ੍ਹਾ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾ ਲਈ ਪਾਰਟੀ ਸਰਵਉੱਚ ਹੈ ਤੇ ਰਿਸ਼ਤੇਦਾਰੀ ਬਾਅਦ ’ਚ। ਆਨੰਦ (30) ਬਸਪਾ ਦਾ ਕੌਮੀ ਕੋਆਰਡੀਨੇਟਰ ਅਤੇ ਮਾਇਆਵਤੀ ਦਾ ਸਿਆਸੀ ਜਾਨਸ਼ੀਨ ਸੀ। ਮਾਇਆਵਤੀ ਨੇ ਪਿਛਲੇ ਸਾਲ ਵੀ ਲੋਕ ਸਭਾ ਚੋਣਾਂ ਦੌਰਾਨ ਆਨੰਦ ਨੂੰ ਜਾਨਸ਼ੀਨ ਤੇ ਨੈਸ਼ਨਲ ਕੋਆਰਡੀਨੇਟਰ ਦੇ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚ ਚੋਣਾਂ ਦੇ ਨਤੀਜਿਆਂ ਤੋਂ ਇਕ ਮਹੀਨੇ ਬਾਅਦ ਉਸ ਨੂੰ ਬਹਾਲ ਕਰ ਦਿੱਤਾ ਸੀ। ਬਸਪਾ ਨੂੰ ਚੋਣਾਂ ਵਿੱਚ ਕੋਈ ਸੀਟ ਨਹੀਂ ਮਿਲੀ ਸੀ।
ਮੀਟਿੰਗ, ਜਿਸ ਵਿੱਚ ਕਈ ਸੂਬਾਈ ਪ੍ਰਧਾਨ ਵੀ ਸ਼ਾਮਲ ਹੋਏ, ’ਚ 2027 ਵਿੱਚ ਯੂ ਪੀ ਅਸੈਂਬਲੀ ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਵਿਚਾਰਾਂ ਹੋਈਆਂ। ਮੀਟਿੰਗ ਵਿੱਚ ਮਾਇਆਵਤੀ ਦੇ ਭਰਾ ਆਨੰਦ ਤੋਂ ਇਲਾਵਾ ਕੌਮੀ ਜਨਰਲ ਸਕੱਤਰ ਸਤੀਸ਼ ਚੰਦਰਾ ਵੀ ਸ਼ਾਮਲ ਹੋਏ, ਪਰ ਆਕਾਸ਼ ਆਨੰਦ ਨਹੀਂ ਆਇਆ। ਮਾਇਆਵਤੀ ਨੇ ਕਿਹਾ ਕਿ ਆਕਾਸ਼ ਆਨੰਦ ਦੇ ਸਿਆਸੀ ਕੈਰੀਅਰ ਨੂੰ ਉਸ ਦੇ ਸਹੁਰੇ ਨੇ ਬਰਬਾਦ ਕਰ ਦਿੱਤਾ ਹੈ ਅਤੇ ਉਹ ਆਪਣੀ ਧੀ ਤੇ ਆਕਾਸ਼ ਦੀ ਪਤਨੀ ਪ੍ਰਗਿਆ ਰਾਹੀਂ ਅੱਗੇ ਵੀ ਅਸਰ ਪਾ ਸਕਦਾ ਹੈ।





