ਜੈਪੁਰ : ਮਹਾਕੁੰਭ ਦੌਰਾਨ ਸੁਰਖ਼ੀਆਂ ਵਿੱਚ ਆਉਣ ਵਾਲੇ ‘ਆਈ ਆਈ ਟੀ ਬਾਬਾ’ ਅਭੈ ਸਿੰਘ ਨੂੰ ਜੈਪੁਰ ਦੇ ਸ਼ਿਪਰਾਪਥ ਇਲਾਕੇ ਦੇ ਹੋਟਲ ’ਚ ਗਾਂਜੇ ਸਮੇਤ ਗਿ੍ਰਫਤਾਰ ਕੀਤਾ ਗਿਆ ਹੈ। ਸ਼ਿਪਰਾਪਥ ਦੇ ਐੱਸ ਐੱਚ ਓ ਰਾਜੇਂਦਰ ਕੁਮਾਰ ਗੋਂਦਾਰਾ ਨੇ ਦੱਸਿਆ ਕਿ ਪੁਲਸ ਨੂੰ ਇੱਕ ਵੀਡੀਓ ਬਾਰੇ ਜਾਣਕਾਰੀ ਮਿਲੀ, ਜਿਸ ਵਿੱਚ ਅਭੈ ਸਿੰਘ ਨੂੰ ਖੁਦਕੁਸ਼ੀ ਦੀ ਧਮਕੀ ਦਿੰਦੇ ਹੋਏ ਦਿਖਾਇਆ ਗਿਆ ਹੈ। ਪੁਲਸ ਮੌਕੇ ’ਤੇ ਪਹੁੰਚੀ ਅਤੇ ਅਭੈ ਸਿੰਘ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਉਸ ਕੋਲੋਂ ਗਾਂਜਾ ਮਿਲਿਆ। ਉਸ ਵਿਰੁੱਧ ਨਸ਼ਾ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ, ਪਰ ਬਾਅਦ ਵਿੱਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਬਾਅਦ ਵਿੱਚ ਬਾਬੇ ਨੂੰ ਰਿਧੀ ਸਿੱਧੀ ਚੌਰਾਹੇ ਦੇ ਹੋਟਲ ਦੇ ਨੇੜੇ ਕੁਝ ਲੋਕਾਂ ਨਾਲ ਘਿਰਿਆ ਚਾਹ ਪੀਂਦਾ ਦੇਖਿਆ ਗਿਆ। ਉਸ ਨੇ ਇੱਕ ਕੇਕ ਵੀ ਕੱਟਿਆ, ਜਿਸ ਦੇ ਆਲੇ-ਦੁਆਲੇ ਦੇ ਲੋਕਾਂ ਨੇ ਕਿਹਾ ਕਿ ਅੱਜ ਉਸ ਦਾ ਜਨਮ ਦਿਨ ਹੈ। ਅਭੈ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਇੱਕ ਆਮ ਸੋਸ਼ਲ ਮੀਡੀਆ ਪੋਸਟ ਕੀਤੀ ਸੀ ਅਤੇ ਇਸ ਦੀ ਗਲਤ ਵਿਆਖਿਆ ਕਾਰਨ ਪੁਲਸ ਹੋਟਲ ਵਿੱਚ ਆਈ ਸੀ। ਉਸ ਨੇ ਕਿਹਾ ਕਿ ਉਸ ਨੂੰ ਛੱਡ ਦਿੱਤਾ ਗਿਆ, ਕਿਉਂਕਿ ਉਸ ਦੇ ਕੋਲ ਥੋੜ੍ਹੀ ਜਿਹੀ ਮਾਤਰਾ ਵਿੱਚ ਗਾਂਜਾ ਸੀ।



