ਦੋ ਭੁਚਾਲਾਂ ਨੇ ਮਨੀਪੁਰ ਹਿਲਾਇਆ

0
79

ਇੰਫਾਲ : 5.7 ਤੀਬਰਤਾ ਵਾਲੇ ਇੱਕ ਝਟਕੇ ਸਮੇਤ ਲਗਾਤਾਰ ਦੋ ਭੂਚਾਲਾਂ ਨੇ ਬੁੱਧਵਾਰ ਮਨੀਪੁਰ ਨੂੰ ਹਿਲਾ ਕੇ ਰੱਖ ਦਿੱਤਾ। ਪੂਰੇ ਉੱਤਰ-ਪੂਰਬ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੂਬੇ ’ਚ ਸਵੇਰੇ 11.06 ਵਜੇ 5.7 ਸ਼ਿੱਦਤ ਦਾ ਭੂਚਾਲ ਆਇਆ। ਇਸ ਦਾ ਕੇਂਦਰ ਇੰਫਾਲ ਪੂਰਬੀ ਜ਼ਿਲ੍ਹੇ ਦੇ ਯਾਈਰੀਪੋਕ ਤੋਂ 44 ਕਿਲੋਮੀਟਰ ਪੂਰਬ ਵਿੱਚ ਅਤੇ 110 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਅਸਾਮ, ਮੇਘਾਲਿਆ ਤੇ ਖੇਤਰ ਦੇ ਹੋਰ ਹਿੱਸਿਆਂ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੁਪਹਿਰ 12.20 ਵਜੇ ਮਨੀਪੁਰ ਵਿੱਚ 4.1 ਤੀਬਰਤਾ ਦਾ ਦੂਜਾ ਭੂਚਾਲ ਆਇਆ। ਭੂਚਾਲ ਤੋਂ ਬਾਅਦ ਮਨੀਪੁਰ ਦੀਆਂ ਕਈ ਇਮਾਰਤਾਂ ’ਚ ਤਰੇੜਾਂ ਦੇਖੀਆਂ ਗਈਆਂ ਹਨ। ਥੌਬਲ ਜ਼ਿਲ੍ਹੇ ਦੇ ਵੈਂਗਜਿੰਗ ਲੈਮਡਿੰਗ ਵਿੱਚ ਸਕੂਲ ਦੀ ਇਮਾਰਤ ਵਿੱਚ ਤਰੇੜਾਂ ਆ ਗਈਆਂ, ਜਿੱਥੇ ਨਸਲੀ ਝਗੜੇ ਤੋਂ ਪ੍ਰਭਾਵਤ ਲੋਕਾਂ ਲਈ ਇੱਕ ਰਾਹਤ ਕੈਂਪ ਚਲਾਇਆ ਜਾ ਰਿਹਾ ਸੀ।
ਯੂ ਪੀ ਅਸੈਂਬਲੀ ਕੰਪਲੈਕਸ ’ਚ ਪਾਨ-ਮਸਾਲੇ ’ਤੇ ਰੋਕ
ਲਖਨਊ : ਯੂ ਪੀ ਵਿਧਾਨ ਸਭਾ ’ਚ ਪਾਨ-ਮਸਾਲਾ ਥੁੱਕਣ ਦੀ ਘਟਨਾ ਤੋਂ ਬਾਅਦ ਸਪੀਕਰ ਸਤੀਸ਼ ਮਹਾਨਾ ਨੇ ਬੁੱਧਵਾਰ ਵਿਧਾਨ ਸਭਾ ਕੰਪਲੈਕਸ ’ਚ ਪਾਨ-ਮਸਾਲਾ ਅਤੇ ਗੁਟਕਾ ਖਾਣ ’ਤੇ ਪਾਬੰਦੀ ਲਾ ਦਿੱਤੀ ਹੈ। ਮਹਿਣਾ ਨੇ ਕਿਹਾ ਕਿ ਜੇ ਕੋਈ ਪਾਨ-ਮਸਾਲਾ ਅਤੇ ਗੁਟਕੇ ਦਾ ਸੇਵਨ ਕਰਦਾ ਹੈ ਤਾਂ ਉਸ ’ਤੇ 1000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਨਿਯਮ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।ਮਹਾਨਾ ਨੇ ਕਿਹਾ ਕਿ ਕੁਝ ਵਿਧਾਇਕਾਂ ਨੇ ਪਾਨ ਮਸਾਲਾ ਖਾਣ ਤੋਂ ਬਾਅਦ ਵਿਧਾਨ ਸਭਾ ਹਾਲ ’ਚ ਥੁੱਕਿਆ। ਉਨ੍ਹਾ ਖੁਦ ਉਸ ਥਾਂ ਦੀ ਸਫਾਈ ਕੀਤੀ। ਉਨ੍ਹਾ ਇੱਕ ਵੀਡੀਓ ਵਿੱਚ ਵਿਧਾਇਕ ਨੂੰ ਇਹ ਕਾਰਾ ਕਰਦੇ ਵੇਖਿਆ, ਪਰ ਉਹ ਉਸ ਦਾ ਨਾਂਅ ਲੈ ਕੇ ਉਸ ਨੂੰ ਜ਼ਲੀਲ ਨਹੀਂ ਕਰਨਾ ਚਾਹੁੰਦੇ।