ਵੱਡੀ ਪੱਧਰ ’ਤੇ ਤਬਾਦਲਿਆਂ ਤੋਂ ਬਾਅਦ ਤਹਿਸੀਲਦਾਰ ਕੰਮ ’ਤੇ ਮੁੜੇ

0
78

ਪਟਿਆਲਾ : ਸੋਮਵਾਰ ਤੋਂ ਸਮੂਹਕ ਛੁੱਟੀ ਲੈ ਕੇ ਰਾਜ-ਵਿਆਪੀ ਹੜਤਾਲ ’ਤੇ ਗਏ ਪੰਜਾਬ ਭਰ ਦੇ ਤਹਿਸੀਲਦਾਰਾਂ ਨੇ ਬੁੱਧਵਾਰ ਹੜਤਾਲ ਵਾਪਸ ਲੈ ਲਈ। ਤਹਿਸੀਲਦਾਰਾਂ ਦੇ ਬਣੇ ਇੱਕ ਵਟਸਐਪ ਗਰੁੱਪ ’ਤੇ ‘ਪੰਜਾਬ ਰੈਵਿਨਿਊ ਆਫੀਸਰਜ਼ ਐਸੋਸੀਏਸ਼ਨ ਪੰਜਾਬ’ ਦੇ ਸੂਬਾਈ ਪ੍ਰਧਾਨ ਨੇ ਸੁਨੇਹਾ ਜਾਰੀ ਕਰ ਕੇ ਸਾਰੇ ਸਾਥੀ ਤਹਿਸੀਲਦਾਰਾਂ ਨੂੰ ਸੂਚਿਤ ਕੀਤਾ ਹੈ ਕਿ ਕਿਸਾਨਾਂ ਦੇ ਧਰਨਿਆਂ ਕਾਰਨ ਬਣੀ ਅਮਨ-ਕਾਨੂੰਨ ਦੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਸੁਨੇਹੇ ਆ ਰਹੇ ਹਨ, ਜਿਸ ਦੇ ਚਲਦਿਆਂ ਹੀ ਉਨ੍ਹਾਂ ਆਪਣੀ ਸਮੂਹਕ ਛੁੱਟੀ ਅੱਗੇ ਨਾ ਵਧਾਉਣ ਦਾ ਫੈਸਲਾ ਲਿਆ। ਉਨ੍ਹਾ ਆਪਣੇ ਸੁਨੇਹੇ ਵਿਚ ਲਿਖਿਆਦੋਸਤੋ, ਅੱਜ ਸਾਰੇ ਡੀ ਸੀ ਸਾਹਿਬਾਨ ਦੇ ਕਹਿਣ ’ਤੇ ਕਿ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੁੱਖ ਰਖਦੇ ਹੋਏ ਡਿਊਟੀ ਮੈਜਿਸਟ੍ਰੇਟਸ ਦੀ ਡਿਊਟੀ ਨਿਭਾਉਣ ਵਾਸਤੇ ਅਤੇ ਪੰਜਾਬ ਵਿੱਚ ਸ਼ਾਂਤੀ ਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਮੂਹਕ ਛੁੱਟੀ ’ਤੇ ਜਾਣ ਦਾ ਫੈਸਲਾ ਵਾਪਸ ਲਿਆ ਜਾਂਦਾ ਹੈ। ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਲਛਮਣ ਸਿੰਘ ਰੰਧਾਵਾ ਨੇ ਕਿਹਾ ਕਿ ਜਿੱਥੇ ਲਾਅ ਐਂਡ ਆਰਡਰ ਦੀ ਸਥਿਤੀ ਦੇ ਚਲਦਿਆਂ ਸਮੂਹਕ ਛੁੱਟੀ ਨਾ ਵਧਾਉਣ ਦਾ ਫੈਸਲਾ ਲਿਆ ਹੈ, ਉੱਥੇ ਪੰਜਾਬ ਸਰਕਾਰ ਵੱਲੋਂ ਅਗਲੇ ਦਿਨਾਂ ਵਿੱਚ ਮੀਟਿੰਗ ਕਰਕੇ ਉਨ੍ਹਾਂ ਦੇ ਮਸਲੇ ਹੱਲ ਕਰਨ ਦਾ ਵਿਸ਼ਵਾਸ ਵੀ ਦਿਵਾਇਆ ਗਿਆ ਹੈ। ਇਸ ਦੇ ਚਲਦਿਆਂ ਹੀ ਪੰਜਾਬ-ਭਰ ਦੇ ਸਮੂਹ ਤਹਿਸੀਲਦਾਰਾਂ ਦੀ ਸਹਿਮਤੀ ਨਾਲ ਜਥੇਬੰਦੀ ਨੇ ਸਮੂਹਕ ਛੁੱਟੀ ਅੱਗੇ ਨਾ ਵਧਾਉਣ ਦਾ ਫੈਸਲਾ ਲਿਆ ਤੇ ਬੁੱਧਵਾਰ ਸਾਰੇ ਤਹਿਸੀਲਦਾਰਾਂ ਨੇ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ।
ਪੰਜਾਬ ਸਰਕਾਰ ਨੇ ਬੁੱਧਵਾਰ ਮਾਲ ਅਧਿਕਾਰੀਆਂ ਦੇ ਵੱਡੇ ਪੱਧਰ ਉੱਤੇ ਤਬਾਦਲੇ ਕਰ ਦਿੱਤੇ। ਇਹ ਕਾਰਵਾਈ ਸੂਬੇ-ਭਰ ਵਿੱਚ ਮਾਲ ਅਧਿਕਾਰੀਆਂ ਵੱਲੋਂ ਕੀਤੀ ਗਈ ਹੜਤਾਲ ਦੇ ਮੱਦੇਨਜ਼ਰ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲ ਅਧਿਕਾਰੀਆਂ ਖਿਲਾਫ ਦੂਜਾ ਵੱਡਾ ਐਕਸ਼ਨ ਲੈਂਦਿਆਂ 177 ਨਾਇਬ ਤਹਿਸੀਲਦਾਰਾਂ ਅਤੇ 58 ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ।
ਮੁੱਖ ਤੌਰ ’ਤੇ ਜਿਹੜੇ ਤਹਿਸੀਲਦਾਰ ਚੰਗੀਆਂ ਥਾਵਾਂ ’ਤੇ ਲੱਗੇ ਸਨ, ਉਨ੍ਹਾਂ ਨੂੰ ਮਾੜੀਆਂ ਜਾਂ ਸਧਾਰਨ ਥਾਵਾਂ ’ਤੇ ਲਾਇਆ ਗਿਆ ਹੈ, ਜਦਕਿ ਮਾੜੀਆਂ ਥਾਵਾਂ ਵਾਲਿਆਂ ਨੂੰ ਵਧੀਆ ਸਟੇਸ਼ਨ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਹ ਬਦਲੀਆਂ ਵੀ ਦੂਰ-ਦੁਰਾਡੇ ਕੀਤੀਆਂ ਗਈਆਂ ਹਨ।