ਹੇਮਕੁੰਟ ਦੇ ਰਾਹ ’ਚ ਪੁਲ ਟੁੱਟਿਆ

0
90

ਦੇਹਰਾਦੂਨ : ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਯਾਤਰਾ ਮਾਰਗ ਨੂੰ ਜੋੜਨ ਵਾਲਾ ਸਪਰਿੰਗ ਵੈਲੀ ਬਿ੍ਰਜ ਬੁੱਧਵਾਰ ਗੁਰਦੁਆਰਾ ਗੋਬਿੰਦ ਘਾਟ ਨੇੜੇ ਪਹਾੜ ਤੋਂ ਵੱਡੀ ਗਿਣਤੀ ਵਿੱਚ ਪੱਥਰ ਡਿੱਗਣ ਕਾਰਨ ਟੁੱਟ ਗਿਆ, ਜਿਸ ਨਾਲ 25 ਮਈ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਯਾਤਰਾ ਪ੍ਰਭਾਵਤ ਹੋ ਸਕਦੀ ਹੈ।
ਇਲਾਕੇ ਵਿੱਚ ਕੁਝ ਦਿਨਾਂ ਤੋਂ ਲਗਾਤਾਰ ਬਰਫਬਾਰੀ ਹੋਈ ਹੈ ਅਤੇ ਮੀਂਹ ਪੈ ਰਿਹਾ ਹੈ। ਇਸ ਕਾਰਨ ਉੱਪਰਲੇ ਹਿੱਸੇ ਤੋਂ ਵੱਡੀ ਮਾਤਰਾ ਵਿੱਚ ਪੱਥਰ ਡਿੱਗੇ ਹਨ। ਪੁਲ ਦੇ ਟੁੱਟਣ ਕਾਰਨ ਦੂਜੇ ਪਾਸੇ ਪੈਂਦੇ ਪਿੰਡਾਂ ਪੁਲਣਾ, ਭੁੰਡਾਰ ਅਤੇ ਘਾਂਗਰੀਆ ਦਾ ਵੀ ਸੜਕੀ ਸੰਪਰਕ ਟੁੱਟ ਗਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਨਾਲ ਹੇਠਾਂ ਨਦੀ ’ਤੇ ਆਰਜ਼ੀ ਪੁਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਦੂਜੇ ਪਾਸੇ ਪਿੰਡਾਂ ਦੇ ਲੋਕਾਂ ਦਾ ਆਵਾਜਾਈ ਸੰਪਰਕ ਬਹਾਲ ਹੋ ਸਕੇ। ਪੁਲ ਟੁੱਟਣ ਵੇਲੇ ਇੱਕ ਵਿਅਕਤੀ ਸਕੂਟਰ ’ਤੇ ਲੰਘ ਰਿਹਾ ਸੀ, ਜੋ ਫਿਲਹਾਲ ਲਾਪਤਾ ਦੱਸਿਆ ਜਾਂਦਾ ਹੈ। 2013 ਵਿੱਚ ਭਿਆਨਕ ਹੜ੍ਹ ਵੇਲੇ ਵੀ ਇੱਥੇ ਬਣਿਆ ਪੁਲ ਰੁੜ੍ਹ ਗਿਆ ਸੀ। ਉਸ ਵੇਲੇ ਬੱਦਲ ਫਟਣ ਦੀ ਘਟਨਾ ਕਾਰਨ ਵਾਪਰੀ ਭਿਆਨਕ ਕੁਦਰਤੀ ਤਬਾਹੀ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਪ੍ਰਭਾਵਤ ਹੋਈ ਸੀ। ਹੜ੍ਹ ਕਾਰਨ ਪਾਰਕਿੰਗ ਖੇਤਰ ਵੀ ਰੁੜ੍ਹ ਗਿਆ ਸੀ ਅਤੇ ਉਥੇ ਖੜ੍ਹੇ ਬਹੁਤ ਸਾਰੇ ਵਾਹਨ ਵੀ ਦਰਿਆ ਦੀ ਭੇਟ ਚੜ੍ਹ ਗਏ ਸਨ। ਮਗਰੋਂ ਸਰਕਾਰ ਵੱਲੋਂ ਲੱਗਭੱਗ ਡੇਢ ਸਾਲ ਦੇ ਸਮੇਂ ਵਿੱਚ ਇਹ ਸਪਰਿੰਗ ਵੈਲੀ ਬਿ੍ਰਜ ਬਣਾਇਆ ਗਿਆ ਸੀ ਅਤੇ ਸਥਾਈ ਸੰਪਰਕ ਬਹਾਲ ਹੋਇਆ ਸੀ, ਜਿਹੜਾ ਹੁਣ ਮੁੜ ਟੁੱਟ ਗਿਆ।