ਮੁੰਡੀਆਂ ਦੇ ਭਤੀਜੇ ਦੇ ਘਰ ਈ ਡੀ ਦੀ ਛਾਪੇਮਾਰੀ

0
10

ਲੁਧਿਆਣਾ : ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੁਪਹਿਰ ਕਰੀਬ 2:30 ਵਜੇ ਸ਼ੁਰੂ ਹੋਈ ਅਤੇ ਖਬਰ ਲਿਖੇ ਜਾਣ ਤੱਕ ਜਾਰੀ ਸੀ। ਜਿਵੇਂ ਹੀ ਈ ਡੀ ਦੇ ਅਧਿਕਾਰੀ ਪੁਲਸ ਸਮੇਤ ਤਲਾਸ਼ੀ ਮੁਹਿੰਮ ਲਈ ਪ੍ਰਿੰਸ ਦੇ ਘਰ ਪਹੁੰਚੇ, ਵਸਨੀਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਪ੍ਰਿੰਸ ਨੂੰ ਅਕਸਰ ਆਪਣੇ ਚਾਚੇ (ਹਰਦੀਪ ਮੁੰਡੀਆਂ) ਨਾਲ ਸਮਾਗਮਾਂ ਵਿੱਚ ਦੇਖਿਆ ਜਾਂਦਾ ਸੀ। ਪਰਵਾਰ ਦੇ ਇੱਕ ਕਰੀਬੀ ਨੇ ਦੱਸਿਆ ਕਿ ਪ੍ਰਿੰਸ ਕੈਬਨਿਟ ਮੰਤਰੀ ਮੁੰਡੀਆਂ ਦੇ ਦਫ਼ਤਰ ਦੇ ਪਿਛਲੇ ਪਾਸੇ ਸਿਰਫ਼ 100 ਵਰਗ ਗਜ਼ ਦੇ ਘਰ ਵਿੱਚ ਰਹਿੰਦਾ ਹੈ। ਉਸ ਦੀ ਪਤਨੀ ਧਨਾਸੂ ਵਿਖੇ ਟਾਟਾ ਸਟੀਲਜ਼ ਵਿੱਚ ਕੰਮ ਕਰਦੀ ਹੈ। ਲਗਭਗ ਇੱਕ ਹਫ਼ਤੇ ਦੇ ਅੰਦਰ-ਅੰਦਰ ਪ੍ਰਿੰਸ ਪੱਕੇ ਤੌਰ ‘ਤੇ ਨਿਊ ਜ਼ੀਲੈਂਡ ਜਾਣ ਵਾਲਾ ਸੀ। ਇਸ ਮੌਜੂਦਾ ਛਾਪੇ ਨੇ ਸਾਹਨੇਵਾਲ ਵਿੱਚ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।”ਸੂਤਰਾਂ ਨੇ ਦੱਸਿਆ ਕਿ ਭਾਵੇਂ ਪ੍ਰਿੰਸ ਦਾ ਘਰ ਛੋਟਾ ਹੈ, ਪਰ ਜਿਸ ਕਲੋਨੀ ਵਿੱਚ ਇਹ ਸਥਿਤ ਹੈ, ਉਸ ਨੂੰ ਮੰਤਰੀ ਵੱਲੋਂ ਹੀ ਵਿਕਸਤ ਕੀਤਾ ਗਿਆ ਸੀ ਅਤੇ ਉੱਥੇ ਮੁੰਡੀਆਂ ਦਾ ਆਪਣਾ ਇੱਕ ਫਾਰਮ ਹਾਊਸ ਵੀ ਹੈ। ਸੂਤਰ ਨੇ ਕਿਹਾ ਕਿ ਪ੍ਰਿੰਸ ਮੰਤਰੀ ਦੇ ਸਾਰੇ ਵਿੱਤੀ ਮਾਮਲਿਆਂ ਤੇ ਕਾਰੋਬਾਰਾਂ ਨੂੰ ਸੰਭਾਲਦਾ ਸੀ।