ਨਵੀਂ ਦਿੱਲੀ : ਬੈਂਕ ਯੂਨੀਅਨਾਂ ਵੱਲੋਂ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਨ ਦੀ ਮੰਗ ਅਤੇ ਪਰਫਾਰਮੈਂਸ ਲਿੰਕਡ ਇਨਸੈਂਟਿਵ ਸਕੀਮ ਨੂੰ ਵਾਪਸ ਲੈਣ ਦੇ ਹੱਕ ਵਿੱਚ ਦਿੱਤੇ ਗਏ 5 ਦਿਨਾ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਦੋ ਮੁੱਖ ਸਰਕਾਰੀ ਬੈਂਕਾਂ ਸਟੇਟ ਬੈਂਕ ਆਫ਼ ਇੰਡੀਆ ਅਤੇ ਇੰਡੀਅਨ ਬੈਂਕ ਨੇ ਆਪਣੇ ਗਾਹਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਤੋਂ ਬੈਂਕਿੰਗ ਸੇਵਾਵਾਂ ਲਈ ਪਹਿਲਾਂ ਹੀ ਪ੍ਰਬੰਧ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। 26 ਸਤੰਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਛੁੱਟੀ ਹੈ ਅਤੇ 27 ਸਤੰਬਰ ਨੂੰ ਐਤਵਾਰ ਹੈ, ਜਿਸ ਕਾਰਨ ਲਗਾਤਾਰ ਪੰਜ ਦਿਨ ਫਿਜ਼ੀਕਲ ਬੈਂਕਿੰਗ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਹੇਗਾ। ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਆਪਣੇ ਗਾਹਕਾਂ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, ‘ਪਿਆਰੇ ਗਾਹਕੋ, ਬੈਂਕ ਕਰਮਚਾਰੀਆਂ ਦੀਆਂ ਕੁਝ ਯੂਨੀਅਨਾਂ ਨੇ 28 ਤੋਂ 30 ਸਤੰਬਰ ਤੱਕ 3 ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਕਿਰਪਾ ਕਰਕੇ ਆਪਣੇ ਜ਼ਰੂਰੀ ਲੈਣ-ਦੇਣ ਸਮੇਂ ਤੋਂ ਪਹਿਲਾਂ ਹੀ ਨਿਪਟਾ ਲਵੋ।
ਪੂਨੀਆ ਪੰਜਾਬ ਤੇ ਸਮ੍ਰਿਤੀ ਇਰਾਨੀ ਹਰਿਆਣਾ ਦੀ ਇੰਚਾਰਜ ਨਿਯੁਕਤ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ 2027 ਦੇ ਆਗਾਮੀ ਵਿਧਾਨ ਸਭਾ ਚੋਣ ਚੱਕਰ ਤੋਂ ਪਹਿਲਾਂ ਸੰਗਠਨਾਤਮਕ ਢਾਂਚੇ ਵਿੱਚ ਫੇਰਬਦਲ ਕਰਦਿਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਪਾਰਟੀ ਦੀ ਸੀਨੀਅਰ ਆਗੂ ਅਤੇ ਨਵ-ਨਿਯੁਕਤ ਕੌਮੀ ਜਨਰਲ ਸਕੱਤਰ ਸਮ੍ਰਿਤੀ ਇਰਾਨੀ ਨੂੰ ਹਰਿਆਣਾ ਦਾ ਇੰਚਾਰਜ ਲਗਾਇਆ ਗਿਆ ਹੈ। ਸਰਹੱਦੀ ਸੂਬੇ ਪੰਜਾਬ ਦੀ ਕਮਾਨ ਸਤੀਸ਼ ਪੂਨੀਆ ਨੂੰ ਸੌਂਪੀ ਗਈ ਹੈ, ਜਦੋਂ ਕਿ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਰੇਂਦਰ ਸਚਦੇਵਾ ਅਤੇ ਅਲਕਾ ਗੁਰਜਰ ਨੂੰ ਪੰਜਾਬ ਦੇ ਸਹਿ-ਇੰਚਾਰਜ ਵਜੋਂ ਤਾਇਨਾਤ ਕੀਤਾ ਗਿਆ ਹੈ। ਹਰਿਆਣਾ ਵਿੱਚ ਸਮ੍ਰਿਤੀ ਇਰਾਨੀ ਦੀ ਮਦਦ ਲਈ ਭੋਲਾ ਸਿੰਘ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਸੀਨੀਅਰ ਨੇਤਾ ਸ੍ਰੀਕਾਂਤ ਸ਼ਰਮਾ ਨੂੰ ਇੰਚਾਰਜ ਥਾਪਿਆ ਹੈ, ਜਦੋਂ ਕਿ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀ ਜ਼ਿੰਮੇਵਾਰੀ ਮਹੇਂਦਰ ਪਾਂਡੇ ਨੂੰ ਦਿੱਤੀ ਗਈ ਹੈ। ਸੀਨੀਅਰ ਨੇਤਾ ਤਰੁਣ ਚੁੱਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਇੰਚਾਰਜ ਵਜੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ।




