ਬੇਂਗਲੁਰੂ : ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ ਆਰ ਆਈ) ਨੇ ਬੁੱਧਵਾਰ ਦੱਸਿਆ ਕਿ ਇੱਥੇ ਕੇਮਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਕੰਨੜ ਅਦਾਕਾਰਾ ਰਣਿਆ ਰਾਓ ਤੋਂ ਜ਼ਬਤ ਕੀਤੀਆਂ ਸੋਨੇ ਦੀਆਂ ਛੜਾਂ ਦੀ ਕੀਮਤ 12.56 ਕਰੋੜ ਰੁਪਏ ਸੀ। ਰਣਿਆ ਰਾਓ ਕਰਨਾਟਕ ਰਾਜ ਪੁਲਸ ਹਾਊਸਿੰਗ ਕਾਰਪੋਰੇਸ਼ਨ ਦੇ ਡਾਇਰੈਕਟਰ-ਜਨਰਲ ਰਾਮਚੰਦਰ ਰਾਓ ਦੀ ਮਤਰੇਈ ਧੀ ਹੈ, ਪਰ ਰਾਮਚੰਦਰ ਰਾਓ ਨੇ ਕਿਹਾ ਹੈ ਕਿ ਚਾਰ ਮਹੀਨੇ ਪਹਿਲਾਂ ਰਣਿਆ ਵੱਲੋਂ ਵਿਆਹ ਕਰਾਉਣ ਤੋਂ ਬਾਅਦ ਉਨ੍ਹਾ ਦਾ ਉਸ ਨਾਲ ਨਾਤਾ ਨਹੀਂ ਰਿਹਾ।
ਇਸ ਮਾਮਲੇ ਵਿੱਚ ਕੁੱਲ ਜ਼ਬਤੀ 17.29 ਕਰੋੜ ਰੁਪਏ ਸੀ, ਜਿਸ ਵਿੱਚ 4.73 ਕਰੋੜ ਰੁਪਏ ਦੀਆਂ ਹੋਰ ਚੀਜ਼ਾਂ ਸਨ। ਅਧਿਕਾਰੀਆਂ ਅਨੁਸਾਰ 14.2 ਕਿੱਲੋ ਸੋਨਾ ਹਾਲ ਹੀ ਦੇ ਸਮੇਂ ਵਿੱਚ ਬੇਂਗਲੁਰੂ ਹਵਾਈ ਅੱਡੇ ਤੋਂ ਕੀਤੀ ਗਈ ਸਭ ਤੋਂ ਵੱਡੀ ਜ਼ਬਤੀ ਵਿੱਚੋਂ ਇੱਕ ਹੈ। ਵਿੱਤ ਮੰਤਰਾਲੇ ਅਨੁਸਾਰ ਖੁਫੀਆ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਡੀ ਆਰ ਆਈ ਅਧਿਕਾਰੀਆਂ ਨੇ ਰਣਿਆ ਨੂੰ ਰੋਕਿਆ, ਜੋ 3 ਮਾਰਚ ਨੂੰ ਅਮੀਰਾਤ ਏਅਰਲਾਈਨਜ਼ ਦੀ ਉਡਾਣ ਰਾਹੀਂ ਦੁਬਈ ਤੋਂ ਬੇਂਗਲੁਰੂ ਪਹੁੰਚੀ ਸੀ। ਰਣਿਆ ਨੇ 15 ਦਿਨਾਂ ਵਿੱਚ ਦੁਬਈ ਦੇ ਚਾਰ ਗੇੜੇ ਲਾਏ ਸੀ, ਜਿਸ ਤੋਂ ਅਧਿਕਾਰੀਆਂ ਨੂੰ ਸ਼ੱਕ ਪਿਆ। ਉਸ ਨੇ ਕਾਫੀ ਗਹਿਣੇ ਪਹਿਨੇ ਹੋਏ ਸੀ ਤੇ ਛੜਾਂ ਕੱਪੜਿਆਂ ਵਿੱਚ ਲੁਕੋਈਆਂ ਹੋਈਆਂ ਸਨ।
ਸੋਨੇ ਦੇ ਦੋ ਬੈਗ ਉਸ ਦੇ ਨਾਲ ਦੇ ਦੋ ਜਣੇ ਲੈ ਕੇ ਬਾਹਰ ਆ ਰਹੇ ਸਨ। ਉਹ ਸਕਿਉਰਟੀ ਕਲੀਅਰ ਕਰਵਾ ਕੇ ਨਿਕਲਣ ਹੀ ਵਾਲੇ ਸਨ ਕਿ ਡੀ ਆਰ ਆਈ ਦੀ ਟੀਮ ਨੇ ਧਰ ਲਏ। ਪੜਤਾਲਕਾਰਾਂ ਮੁਤਾਬਕ ਉਹ ਸੋਨੇ ਦੀਆਂ ਛੜਾਂ ਬੈਲਟ ਤੇ ਕੱਪੜਿਆਂ ਵਿੱਚ ਲੁਕਾ ਕੇ ਲਿਆਉਦੀ ਹੁੰਦੀ ਸੀ ਅਤੇ ਹਵਾਈ ਅੱਡੇ ਦੇ ਬਾਹਰ ਨਿਕਲ ਕੇ ਪਿਤਾ ਦਾ ਨਾਂਅ ਵਰਤ ਕੇ ਪੁਲਸ ਮੁਲਾਜ਼ਮ ਨੂੰ ਸੱਦਦੀ ਹੁੰਦੀ ਸੀ, ਜਿਹੜਾ ਉਸ ਨੂੰ ਘਰ ਛੱਡ ਕੇ ਆਉਦਾ ਸੀ। ਡੀ ਆਰ ਆਈ ਇਸ ਕੰਮ ਵਿੱਚ ਕਿਸੇ ਪੁਲਸ ਅਫਸਰ ਜਾਂ ਮੁਲਾਜ਼ਮ ਦੇ ਉਸ ਨਾਲ ਰਹੇ ਹੋਣ ਦੀ ਵੀ ਜਾਂਚ ਕਰੇਗੀ। 32 ਸਾਲਾ ਰਣਿਆ ਨੇ ਫਿਲਮੀ ਕਰੀਅਰ 2014 ਵਿੱਚ ਕੰਨੜ ਫਿਲਮ ਮਣੀਕਾ ਤੋਂ ਸ਼ੁਰੂ ਕੀਤਾ ਸੀ ਤੇ 2016 ਵਿੱਚ ਉਸ ਨੇ ਵਿਕਰਮ ਪ੍ਰਭੂ ਨਾਲ ਤਮਿਲ ਫਿਲਮ ਵਾਹਗਾ ਕੀਤੀ ਸੀ।




