ਅਮਰੀਕਾ ਬਹਾਨੇ ਨਾ ਲਾਵੇ, ਲੜਨਾ ਤਾਂ ਲੜ ਲਵੇ : ਚੀਨ

0
88

ਬੀਜਿੰਗ : ਚੀਨ ਨੇ ਬਹੁਤ ਹੀ ਸਖਤ ਬਿਆਨ ਦਿੰਦਿਆਂ ਕਿਹਾ ਹੈ ਕਿ ਜੇ ਅਮਰੀਕਾ ਜੰਗ ਹੀ ਚਾਹੁੰਦਾ ਹੈ ਤਾਂ ਉਹ ਉਸ ਲਈ ਵੀ ਤਿਆਰ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਅਮਰੀਕਾ ਚੀਨੀ ਦਰਾਮਦਾਂ ’ਤੇ ਟੈਰਿਫ ਵਧਾਉਣ ਲਈ ਫੇਂਟਾਨਾਈਲ (ਗੰਭੀਰ ਦਰਦ ਰੋਕਣ ਵਾਲੀ ਦਵਾਈ) ਦੀ ਸਮੱਗਲਿੰਗ ਦਾ ਤਾਂ ਬਹਾਨਾ ਹੀ ਲਾ ਰਿਹਾ ਹੈ, ਜੇ ਉਹ ਜੰਗ ਚਾਹੁੰਦਾ ਹੈ ਤਾਂ ਉਸ ਲਈ ਵੀ ਚੀਨ ਤਿਆਰ ਹੈ ਤੇ ਅੰਤ ਤੱਕ ਲੜੇਗਾ। ਇਹ ਬਿਆਨ ‘ਨਿਊ ਯਾਰਕ ਟਾਈਮਜ਼’ ਵੱਲੋਂ ਅਮਕੀਕਾ ਵੱਲੋਂ ਚੀਨ ਦੀਆਂ ਬਹੁਤੀਆਂ ਚੀਜ਼ਾਂ ’ਤੇ 10 ਫੀਸਦੀ ਟੈਰਿਫ ਲਾਉਣ ’ਤੇ ਮੰਗੀ ਗਈ ਪ੍ਰਤੀਕਿਰਿਆ ’ਤੇ ਚੀਨ ਨੇ ਦਿੱਤਾ ਹੈ। ਲਿਨ ਜਿਆਨ ਨੇ ਕਿਹਾਫੇਂਟਾਨਾਈਲ ਦਾ ਮੁੱਦਾ ਤਾਂ ਟੈਰਿਫ ਵਧਾਉਣ ਲਈ ਇੱਕ ਬਹਾਨਾ ਹੈ। ਅਮਰੀਕਾ ਵਿੱਚ ਫੇਂਟਾਨਾਈਲ ਸੰਕਟ ਲਈ ਕੋਈ ਹੋਰ ਨਹੀਂ ਅਮਰੀਕਾ ਹੀ ਜ਼ਿੰਮੇਵਾਰ ਹੈ। ਫੇਂਟਾਨਾਈਲ ਦੀ ਨਸ਼ੇ ਵਜੋਂ ਵਰਤੋਂ ਦੇ ਮੁੱਦੇ ’ਤੇ ਅਮਰੀਕੀ ਲੋਕਾਂ ਨਾਲ ਸਦਭਾਵਨਾ ਤੇ ਮਾਨਵੀ ਭਾਵਨਾ ਨਾਲ ਅਸੀਂ ਅਮਰੀਕਾ ਨਾਲ ਸਹਿਯੋਗ ਕਰਦਿਆਂ ਕਈ ਪ੍ਰਭਾਵੀ ਕਦਮ ਚੁੱਕੇ ਹਨ। ਸਾਡੇ ਜਤਨਾਂ ਦੀ ਸ਼ਲਾਘਾ ਕਰਨ ਦੀ ਥਾਂ ਅਮਰੀਕਾ ਸਾਡੇ ਖਿਲਾਫ ਊਜਾਂ ਲਾ ਰਿਹਾ ਹੈ ਅਤੇ ਟੈਰਿਫ ਵਧਾ ਕੇ ਦਬਾਅ ਪਾਉਣ ਤੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਸਾਡੀ ਮਦਦ ਦਾ ਸਿਲਾ ਸਾਨੂੰ ਸਜ਼ਾ ਵਜੋਂ ਦੇ ਰਿਹਾ ਹੈ। ਇਸ ਨਾਲ ਅਮਰੀਕਾ ਦੀ ਸਮੱਸਿਆ ਹੱਲ ਨਹੀਂ ਹੋਣੀ ਅਤੇ ਇਸ ਨਾਲ ਨਸ਼ਿਆਂ ਖਿਲਾਫ ਸਾਂਝੀ ਲੜਾਈ ਨੂੰ ਢਾਹ ਲੱਗੇਗੀ। ਚੀਨੀ ਬੁਲਾਰੇ ਨੇ ਅੱਗੇ ਕਿਹਾਧਮਕੀਆਂ ਸਾਨੂੰ ਯਰਕਾ ਨਹੀਂ ਸਕਦੀਆਂ। ਦਬਾਅ ਤੇ ਘੁਰਕੀਆਂ ਚੀਨ ਨਾਲ ਨਜਿੱਠਣ ਦਾ ਸਹੀ ਰਾਹ ਨਹੀਂ। ਚੀਨ ’ਤੇ ਦਬਾਅ ਪਾਉਣ ਵਾਲੇ ਗਲਤਫਹਿਮੀ ਵਿੱਚ ਨਾ ਰਹਿਣ। ਜੇ ਅਮਰੀਕਾ ਫੇਂਟਾਨਾਈਲ ਦਾ ਮੁੱਦਾ ਸੱਚੀਂ-ਮੁੱਚੀਂ ਹੱਲ ਕਰਨਾ ਚਾਹੁੰਦਾ ਹੈ ਤਾਂ ਚੀਨ ਨਾਲ ਬਰਾਬਰੀ ਦੇ ਆਧਾਰ ’ਤੇ ਸਲਾਹ-ਮਸ਼ਵਰਾ ਕਰੇ। ਜੇ ਅਮਰੀਕਾ ਜੰਗ ਚਾਹੁੰਦਾ ਹੈ, ਟੈਰਿਫ ਜੰਗ, ਵਪਾਰਕ ਜੰਗ ਜਾਂ ਕਿਸੇ ਹੋਰ ਤਰ੍ਹਾਂ ਦੀ ਜੰਗ, ਅਸੀਂ ਤਿਆਰ ਹਾਂ। ਚੀਨ ਨੇ ਏਨੀ ਤਿੱਖੀ ਪ੍ਰਤੀਕਿਰਿਆ ਟਰੰਪ ਵੱਲੋਂ ਮੰਗਲਵਾਰ ਚੀਨੀ ਚੀਜ਼ਾਂ ’ਤੇ ਟੈਰਿਫ 10 ਫੀਸਦੀ ਤੋਂ ਵਧਾ ਕੇ 20 ਫੀਸਦੀ ਕਰਨ ਦੇ ਬਾਅਦ ਕੀਤੀ। ਚੀਨ ਨੇ ਵੀ ਮੰਗਲਵਾਰ ਕਈ ਅਮਰੀਕੀ ਚੀਜ਼ਾਂ ’ਤੇ 15 ਫੀਸਦੀ ਟੈਰਿਫ ਠੋਕ ਦਿੱਤਾ ਸੀ।