ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਚੀਨ ਸਮੇਤ ਹੋਰ ਦੇਸ਼ਾਂ ਵੱਲੋਂ ਲਾਏ ਗਏ ਉੱਚੇ ਟੈਕਸ ਦੀ ਆਲੋਚਨਾ ਕਰਦਿਆਂ ਇਸ ਨੂੰ ਬਹੁਤ ਹੀ ਬੇਇਨਸਾਫ਼ੀ ਕਰਾਰ ਦਿੱਤਾ ਤੇ ਅਗਲੇ ਮਹੀਨੇ ਤੋਂ ਉਨ੍ਹਾਂ ਵਿਰੁੱਧ ਪ੍ਰਸਪਰ ਟੈਕਸ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਅਮਰੀਕੀ ਕਾਂਗਰਸ ਦੇ ਇੱਕ ਸਾਂਝੇ ਸੈਸ਼ਨ ’ਚ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਸਪਰ ਟੈਕਸ (ਜਵਾਬੀ ਟੈਕਸ) 2 ਅਪਰੈਲ ਤੋਂ ਸ਼ੁਰੂ ਹੋਣਗੇ। ਉਨ੍ਹਾ ਕਿਹਾਦੂਜੇ ਦੇਸ਼ਾਂ ਨੇ ਦਹਾਕਿਆਂ ਤੋਂ ਸਾਡੇ ਵਿਰੁੱਧ ਟੈਕਸ ਦੀ ਵਰਤੋਂ ਕੀਤੀ ਹੈ ਅਤੇ ਹੁਣ ਸਾਡੀ ਵਾਰੀ ਹੈ। ਯੂਰਪੀਅਨ ਯੂਨੀਅਨ, ਚੀਨ, ਬ੍ਰਾਜ਼ੀਲ, ਭਾਰਤ, ਮੈਕਸੀਕੋ ਅਤੇ ਕੈਨੇਡਾ ਸਾਡੇ ਮੁਕਾਬਲੇ ਉੱਚ ਦਰਾਂ ’ਤੇ ਟੈਕਸ ਵਸੂਲੀ ਕਰਦੇ ਹਨ, ਕੀ ਤੁਸੀਂ ਉਨ੍ਹਾਂ ਦੇ ਬਾਰੇ ਵਿੱਚ ਸੁਣਿਆ ਹੈ? ਇਹ ਬਹੁਤ ਹੀ ਨਾਜਾਇਜ਼ ਹੈ। ਟਰੰਪ ਦਾ ਮੰਗਲਵਾਰ ਨੂੰ ਕਾਂਗਰਸ ਦੇ ਸੈਸ਼ਨ ਨੂੰ ਸੰਬੋਧਨ ਵ੍ਹਾਈਟ ਹਾਊਸ ’ਚ ਉਨ੍ਹਾ ਦੇ ਦੂਜੇ ਕਾਰਜਕਾਲ ਦਾ ਪਹਿਲਾ ਸੰਬੋਧਨ ਸੀ। ਇਸ ਦੌਰਾਨ ਉਨ੍ਹਾ ਕਿਹਾਭਾਰਤ ਸਾਡੇ ਤੋਂ 100 ਫੀਸਦੀ ਤੋਂ ਵੱਧ ਆਟੋ ਟੈਕਸ ਵਸੂਲਦਾ ਹੈ। ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਨੂੰ ਵਾਸ਼ਿੰਗਟਨ ਦੇ ਪ੍ਰਸਪਰ ਟੈਕਸ ਤੋਂ ਬਖਸ਼ਿਆ ਨਹੀਂ ਜਾਵੇਗਾ ਅਤੇ ਜ਼ੋਰ ਦਿੱਤਾ ਕਿ ਟੈਕਸ ਢਾਂਚੇ ’ਤੇ “ਕੋਈ ਵੀ ਮੇਰੇ ਨਾਲ ਬਹਿਸ ਨਹੀਂ ਕਰ ਸਕਦਾ। ਸਾਡੇ ਉਤਪਾਦਾਂ ’ਤੇ ਚੀਨ ਦਾ ਔਸਤ ਟੈਕਸ ਦੁੱਗਣਾ ਹੈ ਅਤੇ ਦੱਖਣੀ ਕੋਰੀਆ ਦਾ ਔਸਤ ਟੈਕਸ ਚਾਰ ਗੁਣਾ ਵੱਧ ਹੈ।’’ ਫਰਵਰੀ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਉਨ੍ਹਾ ਦਾ ਪ੍ਰਸ਼ਾਸਨ ਜਲਦ ਹੀ ਭਾਰਤ ਅਤੇ ਚੀਨ ਵਰਗੇ ਦੇਸ਼ਾਂ ’ਤੇ ਪ੍ਰਸਪਰ ਟੈਕਸ ਲਗਾਏਗਾ। ਟਰੰਪ ਨੇ ਅੱਗੇ ਕਿਹਾ ਕਿ 2 ਅਪਰੈਲ ਤੋਂ ਪ੍ਰਸਪਰ ਟੈਕਸ ਸ਼ੁਰੂ ਹੋ ਜਾਣਗੇ ਅਤੇ ‘‘ਜੋ ਵੀ ਸਾਡੇ ’ਤੇ ਟੈਕਸ ਲਗਾਉਂਦੇ ਹਨ, ਅਸੀਂ ਉਨ੍ਹਾਂ ’ਤੇ ਟੈਕਸ ਲਗਾਵਾਂਗੇ।’’
ਹੁਣ ਭਾਰਤ ਕੋਲ ਫੈਸਲਾ ਕਰਨ ਲਈ ਚਾਰ ਹਫਤਿਆਂ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਇਹ ਅਮਰੀਕਾ ਤੋਂ ਆਉਣ ਵਾਲੀਆਂ ਚੀਜ਼ਾਂ ’ਤੇ ਟੈਕਸ ਘਟਾਏਗਾ ਤਾਂ ਅਮਰੀਕਾ ਵੀ ਉਸ ਹਿਸਾਬ ਨਾਲ ਟੈਕਸ ਲਾਏਗਾ। ਸਰਕਾਰ ਨੇ ਭਾਰਤ-ਅਮਰੀਕਾ ਵਪਾਰ ਵਿੱਚ ਪ੍ਰਸਪਰ ਟੈਰਿਫ ਦੇ ਅਸਰ ਦਾ ਅਧਿਐਨ ਕਰਨ ਲਈ ਕਮੇਟੀ ਬਣਾਈ ਹੈ। ਵਣਜ ਮੰਤਰਾਲੇ ਦੀ ਅਗਵਾਈ ਹੇਠਲੀ ਕਮੇਟੀ ਵਿੱਚ ਖੇਤੀਬਾੜੀ, ਫੂਡ ਪ੍ਰੋਸੈਸਿੰਗ, ਇੰਡਸਟਰੀ, ਹੈਵੀ ਇੰਡਸਟਰੀ, ਇਲੈਕਟ੍ਰਾਨਿਕਸ ਤੇ ਆਈ ਟੀ ਮੰਤਰਾਲੇ ਦੇ ਅਧਿਕਾਰੀ ਸ਼ਾਮਲ ਹਨ।



